ਹਰਦੀਪ ਸਿੰਘ ਸੋਢੀ
ਧੂਰੀ, 16 ਅਪਰੈਲ
ਸੀਪੀਆਈ ਅਤੇ ਏਟਕ ਵੱਲੋਂ ਜ਼ਿਲ੍ਹਾ ਸਕੱਤਰ ਸਾਥੀ ਸੁਖਦੇਵ ਸ਼ਰਮਾ ਅਤੇ ਡਾ. ਮਨਿੰਦਰ ਸਿੰਘ ਧਾਲੀਵਾਲ ਦੀ ਸਾਂਝੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਨਿੱਤ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਵਿਰੁੱਧ ਵਿੱਚ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ‘ਅੱਛੇ ਦਿਨ’ ਲਿਆਉਣ ਦੇ ਸਜ਼ਬਬਾਗ ਦਿਖਾ ਕੇ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਈ ਭਾਜਪਾ ਸਰਕਾਰ ਨੇ ਲੋਕਾਂ ਦੇ ਗਲ ਅੰਗੂਠਾ ਦਿੱਤਾ ਹੋਇਆ ਹੈ ਅਤੇ ਕਿਸਾਨੀ ਸੰਘਰਸ਼ ਵਿੱਚ ਸ਼ਰਮਨਾਕ ਹਾਰ ਦਾ ਬਦਲਾ ਲੈਣ ਲਈ ਕੇਂਦਰ ਨਿੱਤ ਔਰਗਜ਼ੇਬੀ ਹੁਕਮ ਜਾਰੀ ਕਰਕੇ ਲੋਕਾਂ ਦਾ ਕੰਚੂਮਰ ਕੱਢ ਰਹੀ ਹੈ।
ਸਾਥੀ ਸੁਖਦੇਵ ਸ਼ਰਮਾ ਨੇ ਦੱਸਿਆ ਡੇਰਾਬੱਸੀ ਹਲਕੇ ਦੇ ਕਰੀਬ 1100 ਕਿਰਤੀਆਂ ਦੀ ਛਾਂਟੀ ਖ਼ਿਲਾਫ਼ ਸੂਬਾ ਏਟਕ ਵੱਲੋਂ 22 ਅਪਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ, ਇੰਦਰ ਸਿੰਘ, ਗੁਰਦਿਆਲ ਨਿਰਮਾਣ, ਲੀਲੇ ਖਾਂ, ਹਰਨੇਕ ਸਿੰਘ ਬਮਾਲ, ਗੁਰਜੰਟ ਸਿੰਘ, ਬਿੰਨਰ ਕੌਰ, ਸਿੰਦਰ ਕੌਰ ਇਸਤਰੀ ਆਗੂ ਸਮੇਤ ਸੁਰਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ।