ਹਰਦੀਪ ਸਿੰਘ ਸੋਢੀ
ਧੂਰੀ, 31 ਮਈ
ਸ਼ਹਿਰ ਦੇ ਕਈ ਵਾਰਡਾਂ ਵਿੱਚ ਵਿਕਾਸ ਕਾਰਜ ਅੱਧ ਵਿਚਕਾਰ ਰੁਕਣ ਕਾਰਨ ਵਾਰਡ ਨੰਬਰ 17 ਦੇ ਲੋਕਾਂ ਵੱਲੋਂ ਨਗਰ ਕੌਂਸਲ ਧੂਰੀ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਸਬੰਧੀ ਬਾਜ਼ੀਗਰ ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪੁਨੂੰ ਵਲਜੋਤ ਨੇ ਕਿਹਾ ਵਾਰਡ ਨੰਬਰ 17, ਬਾਜ਼ੀਗਰ ਬਸਤੀ ਕੋਲ ਵਿਕਾਸ ਕਾਰਜ ਲੰਮੇ ਸਮੇਂ ਤੋਂ ਅੱਧ ਵਿਚਕਾਰ ਲਟਕ ਰਹੇ ਹਨ, ਜਿਸ ਕਾਰਨ ਮੁਹੱਲੇ ਦੇ ਲੋਕ ਅਪਣੇ ਘਰਾਂ ਵਿੱਚ ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਅੰਦਰ ਇਹ ਹਾਲ ਹੈ ਪੂਰੇ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਕੀ ਸਥਿਤੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਾਰਜ ਸਾਧਕ ਅਫਸਰ ਨੇ ਕਿਹਾ ਕਿ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਤੇ ਉਹ ਜਲਦ ਮੌਕਾ ਵੇਖ ਕੇ ਕੰਮ ਸ਼ੁਰੂ ਕਰਵਾਉਣਗੇ, ਜੇ ਨਵੇਂ ਟੈਂਡਰ ਪਾਉਣੇ ਪਏ ਉਹ ਵੀ ਪਾ ਦਿੱਤੇ ਜਾਣਗੇ। ਇਸ ਮੌਕੇ ਉੱਪਰ ਬਿਲਾ ਸਿੰਘ, ਮਨਜੀਤ, ਸੁਰਜੀਤ,ਜੁਗਨੂੰ, ਸੁੱਚਾ ਸਿੰਘ ਹੋਰ ਮੁਹੱਲਾ ਵਾਸੀ ਹਾਜ਼ਰ ਸਨ।