ਹਰਦੀਪ ਸਿੰਘ ਸੋਢੀ
ਧੂਰੀ, 12 ਨਵੰਬਰ
ਜਿੱਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਦੇਸ਼ ਭਰ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਨੇ ਵੀ ਇਹ ਫ਼ੈਸਲਾ ਬਦਲਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਪਰ ਇਸ ਸਭ ਕੁਝ ਦੇ ਬਾਵਜੂਦ ਸ਼ਹਿਰ ਧੂਰੀ ਦਾ ਸਦਰ ਬਾਜ਼ਾਰ, ਰੇਲਵੇ ਰੋਡ, ਪੁਰਾਣੀ ਅਨਾਜ ਮੰਡੀ, ਬੱਸ ਸਟੈਂਡ ਰੋਡ ਸਮੇਤ ਹੋਰ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਸੜਕ ਕਿਨਾਰੇ ਦੁਕਾਨਾਂ ਦੇ ਅੱਗੇ ਪਟਾਕਿਆਂ ਵੇਚਣ ਵਾਲਿਆਂ ਦੇ ਅੱਡੇ ਸ਼ਰ੍ਹੇਆਮ ਲੱਗੇ ਦੇਖੇ ਜਾ ਸਕਦੇ ਹਨ, ਪਰ ਇਸ ਦੇ ਬਾਵਜੂਦ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਬੇਫ਼ਿਕਰ ਦਿਖਾਈ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਸਿਰਫ ਤਿੰਨ ਵਿਅਕਤੀਆਂ ਨੂੰ ਹੀ ਸ਼ਹਿਰ ਤੋਂ ਬਾਹਰ ਨਿਰਧਾਰਤ ਕੀਤੀ ਥਾਂ ’ਤੇ ਹੀ ਪਟਾਕੇ ਵੇਚਣ ਲਈ ਅਧਿਕਾਰਿਤ ਕੀਤਾ ਗਿਆ ਹੈ, ਪਰ ਸ਼ਹਿਰ ਅੰਦਰ ਥਾਂ-ਥਾਂ ਲੱਗੇ ਪਟਾਕਿਆਂ ਦੇ ਸਟਾਲ ਤੇ ਅੱਡੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਅੰਗੂਠਾ ਦਿਖਾਉਂਦੇ ਦਿਖਾਈ ਦੇ ਰਹੇ ਹਨ। ਬੁੱਧੀਜੀਵੀਆਂ ਅਤੇ ਵਾਤਵਰਣ ਪ੍ਰੇਮੀਆਂ ਨੇ ਪ੍ਰਸ਼ਾਸਨ ਕੋਲੋਂ ਧੂਰੀ ਸ਼ਹਿਰ ਅੰਦਰ ਲੱਗੇ ਪਟਾਕਿਆਂ ਦੇ ਇਨ੍ਹਾਂ ਸਟਾਲਾਂ ਖ਼ਿਲਾਫ਼ ਸਖਤੀ ਕੀਤੇ ਜਾਣ ਤੋਂ ਇਲਾਵਾ ਸ਼ਹਿਰ ਵਿੱਚ ਪਟਾਕਿਆਂ ਕਾਰਨ ਕਿਸੇ ਅੱਗ ਲੱਗਣ ਦੀ ਘਟਨਾ ਵਾਪਰਨ ਦੇ ਖਦਸ਼ੇ ਨੂੰ ਵੇਖਦਿਆਂ ਫਾਇਰ ਬਿਗ੍ਰੇਡ ਨੂੰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਖ੍ਹਾਾਉਣ ਦੀ ਮੰਗ ਕਰਦਿਆਂ ਫਾਇਰ ਅਮਲੇ ਨੂੰ ਚੁਸਤ ਦਰੁਸਤ ਰਹਿਣ ਦੀ ਅਪੀਲ ਕੀਤੀ।