ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਅਕਤੂਬਰ
‘ਮੈਗਾ ਜਾਗਰੂਕਤਾ ਮੁਹਿੰਮ’ ਤਹਿਤ ਸਰਕਾਰੀ ਰਣਬੀਰ ਕਾਲਜ ਦੇ ਚਾਰ ਐੱਨਐੱਸਐੱਸ ਯੂਨਿਟਾਂ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਦੀ ਯੋਗ ਅਗਵਾਈ ਹੇਠ ਰੈਲੀਆਂ ਦੀ ਸ਼ੁਰੂਆਤ ਕਾਲਜ ਤੋਂ ਕੀਤੀ ਗਈ। ਜਾਣਕਾਰੀ ਮੁਤਾਬਿਕ ਯੂਨਿਟ- 1 (ਲੜਕੇ) ਅਤੇ ਯੂਨਿਟ- 2 (ਲੜਕੀਆਂ) ਵੱਲੋਂ ਸੋਹੀਆਂ, ਕੰਮੋਮਾਜਰਾ ਕਲਾਂ, ਕੰਮੋਮਾਜਰਾ ਖੁਰਦ, ਈਲਵਾਲ ਅਤੇ ਖੇੜੀ ਵਿਚ ਰੈਲੀਆਂ ਕੱਢੀਆਂ ਗਈਆਂ ਅਤੇ ਯੂਨਿਟ- 3 ਅਤੇ ਯੂਨਿਟ -4 ਵੱਲੋਂ ਮੰਗਵਾਲ, ਛੰਨਾ, ਅਕੋਈ ਸਾਹਿਬ ਤੇ ਥਲੇਸਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ।
ਸੰਦੌੜ (ਪੱਤਰ ਪ੍ਰੇਰਕ): ਪ੍ਰਿੰਸੀਪਲ ਡਾ. ਨੀਤੂ ਸੇਠੀ ਦੀ ਅਗਵਾਈ ਹੇਠ ਮਾਡਰਨ ਕਾਲਜ ਆਫ ਐਜੂਕੇਸ਼ਨ ਸੇਰਗੜ੍ਹ ਚੀਮਾ ਵੱਲੋਂ ਇਕ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ, ਜਿਸ ਵਿੱਚ ਐੱਨਐੱਸਐੱਸ, ਰੈੱਡ ਰਬਿਨ ਅਤੇ ਈਕੋ ਕਲੱਬ ਦੇ ਬੈਨਰ ਹੇਠ ‘ਪਰਾਲੀ ਨਾ ਜਲਾਓ’ ਵਿਸ਼ੇ ਤਹਿਤ ਚੇਤਨਾ ਰੈਲੀ ਵੀ ਕੱਢੀ ਗਈ। ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਵਿਸ਼ਵਕਰਮਾ ਮੰਦਰ ਵਿੱਚ ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਬਲਾਕ ਪੱਧਰੀ ਮੀਟਿੰਗ ਵਿੱਚ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚ ਪਰਾਲੀ ਨਾ ਸਾੜਨ ਲਈ ਪ੍ਰਚਾਰ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਖੇਤੀਬਾੜੀ ਵਿਕਾਸ ਅਫਸਰ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ।
ਸੀਨੀਅਰ ਸਿਟੀਜ਼ਨਾਂ ਵੱਲੋਂ ਚੇਤਨਾ ਮਾਰਚ
ਧੂਰੀ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ, ਸਕੱਤਰ ਸਰਬਜੀਤ ਸਿੰਘ ਤੇ ਹਰਜਿੰਦਰ ਸਿੰਘ ਪੂਰਨ ਚੰਦ ਦੀ ਅਗਵਾਈ ਹੇਠ ਸ਼ਹਿਰ ਵਿੱਚ ਚੇਤਨਾ ਮਾਰਚ ਕੀਤਾ ਗਿਆ। ਮਾਰਚ ਨੂੰ ਸੀਨੀਅਰ ਸਾਥੀ ਘੁਮੰਡ ਸਿੰਘ ਸੋਹੀ ਅਤੇ ਇੰਦਰ ਸੈਨ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਰੈਲੀ ਦਾ ਮੁੱਖ ਮੰਤਵ ਜਾਨਲੇਵਾ ਪ੍ਰਦੂਸ਼ਣ, ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਅਤੇ ਮਹਿੰਗਾਈ ਵਿਰੁੱਧ ਰੋਹ ਪ੍ਰਗਟਾ ਕੇ ਸਰਕਾਰ ਦਾ ਧਿਆਨ ਇਸ ਪਾਸੇ ਖਿੱਚਣਾ ਸੀ। ਸੈਂਕੜੇ ਸੀਨੀਅਰ ਸਿਟੀਜ਼ਨਾਂ ਨੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਚੇਤਨਾ ਮਾਰਚ ਦੀ ਅਗਵਾਈ ਸੁਪਰ ਸੀਨੀਅਰ ਸਿਟੀਜ਼ਨ ਘੁਮੰਡ ਸਿੰਘ ਤੇ ਇੰਦਰਾ ਸੈਨ ਨੇ ਕੀਤੀ। ਚੇਤਨਾ ਮਾਰਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਕ੍ਰਾਂਤੀ ਚੌਕ, ਤ੍ਰਿਵੇੈਣੀ ਚੌਕ, ਸਦਰ ਬਾਜ਼ਾਰ, ਰੇਲਵੇ ਚੌਕ ਅਤੇ ਥਾਣਾ ਸਿਟੀ ਤੋਂ ਹੁੰਦਾ ਹੋਇਆ ਵਾਪਸ ਦਫ਼ਤਰ ਵਿੱਚ ਸਮਾਪਤ ਹੋਇਆ।