ਪੱਤਰ ਪ੍ਰੇਰਕ
ਲਹਿਰਾਗਾਗਾ, 23 ਅਕਤੂਬਰ
ਸਿਹਤ ਵਿਭਾਗ ਵੱਲੋਂ ਮਲੇਰੀਏ ਦੇ ਵਧ ਰਹੇ ਕਹਿਰ ਨੂੰ ਰੋਕਣ ਲਈ ਥਾਂ-ਥਾਂ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਦੇ ਚੱਲਦਿਆਂ ਗੁਰੂ ਨਾਨਕ ਅਕੈਡਮੀ ਲੇਹਲ ਕਲਾਂ ਵਿੱਚ ਸਿਹਤ ਮੁਲਾਜ਼ਮਾਂ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਮਲੇਰੀਆ ਸਬੰਧੀ ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸਿਹਤ ਮੁਲਾਜ਼ਮ ਜਗਦੀਪ ਸਿੰਘ ਅਤੇ ਏਐਨਐਮ ਸਰਬਜੀਤ ਕੌਰ ਨੇ ਕਿਹਾ ਕਿ ਸਰਦੀਆਂ ਸ਼ੁਰੂ ਹੋਣ ਦੇ ਬਾਵਜੂਦ ਵੀ ਮੱਛਰ ਦੀ ਬਹੁਤਾਂਤ ਹੈ। ਇਸ ਲਈ ਆਪਾਂ ਨੂੰ ਪੂਰਾ ਸਰੀਰ ਢਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਫਰਿੱਜ ਦੀਆਂ ਟ੍ਰੇਆਂ, ਟਾਇਰਾਂ ਤੇ ਨਾਲੀਆਂ ਆਦਿ ਵਿਚ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ, ਕਿਉਂਕਿ ਗੰਦੇ ਪਾਣੀ ਤੋਂ ਹੀ ਮੱਛਰ ਪੈਦਾ ਹੁੰਦੇ ਹਨ। ਜੇਕਰ ਕਿਸੇ ਨੂੰ ਮਲੇਰੀਏ ਦੇ ਲੱਛਣ ਦਿਖਦੇ ਹੋਣ ਤਾਂ ਉਹ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਇਸ ਦੀ ਜਾਂਚ ਕਰਵਾ ਸਕਦਾ ਹੈ ਅਤੇ ਦਵਾਈ ਵੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇਸ ਮੌਕੇ ਮੈਨੇਜਮੈਂਟ ਦੇ ਬਲਦੇਵ ਸਿੰਘ, ਜਸਵਿੰਦਰ ਸਿੰਘ ਰਾਜਵਿੰਦਰ ਸਿੰਘ ਤੋਂ ਇਲਾਵਾ ਪ੍ਰਿੰਸੀਪਲ ਪਰਵੀਨ ਕੁਮਾਰ, ਵਿਦਿਆਰਥੀ ਅਤੇ ਸਕੂਲ ਦਾ ਸਟਾਫ ਵੀ ਮੌਜੂਦ ਸੀ।