ਪੱਤਰ ਪ੍ਰੇਰਕ
ਲਹਿਰਾਗਾਗਾ, 30 ਦਸੰਬਰ
ਪਿੰਡ ਗੰਢੂਆਂ ਕਥਿਤ ਚਿੱਟੇ ਦੇ ਮੁਲਜ਼ਮ ਰਿੰਕਾ ਸਿੰਘ ਰੀਕਾ ਨੂੰ ਕਾਬੂ ਕਰਨ ਗਈ ਲਹਿਰਾਗਾਗਾ ਸਦਰ ਦੇ ਦੋ ਥਾਣੇਦਾਰਾਂ ਨੂੰ ਜ਼ਖ਼ਮੀ ਕਰਕੇ ਮੁਲਜ਼ਮ ਭੱਜਣ ਵਿੱਚ ਸਫਲ ਹੋ ਗਿਆ ਅਤੇ ਜ਼ਖ਼ਮੀ ਪੁਲੀਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਥਾਣਾ ਧਰਮਗੜ੍ਹ ਦੇ ਐੱਸਐੱਚਓ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰਜੀਤ ਕੌਰ ਦੇ ਬਿਆਨ ’ਤੇ ਰੀਕਾ ਸਿੰਘ ਪੁੱਤਰ ਨਾਣਾ ਸਿੰਘ ਅਤੇ ਉਸਦੀ ਪਤਨੀ ਅੰਜੂ ਕੌਰ ਖ਼ਿਲਾਫ਼ ਧਾਰਾ 353,186,332,34 ਅਧੀਨ ਕੇਸ ਦਰਜ ਕਰਕੇ ਅੰਜੂ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਰੀਕਾ ਸਿੰਘ ਭੱਜ ਗਿਆ ਹੈ। ਏਐੱਸਆਈ ਅਮਰਜੀਤ ਕੌਰ ਨੇ ਦੱਸਿਆ ਕਿ ਲਹਿਰਾਗਾਗਾ ਥਾਣੇ ਵਿੱਚ ਚਿੱਟੇ ਸਬੰਧੀ ਕੇਸ ਨੰਬਰ 208 ਮਿਤੀ 21/8/21 ਨੂੰ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਸੀ ਅਤੇ ਗ੍ਰਿਫ਼ਤਾਰੀ ਲਈ ਲੇਡੀ ਏਐੱਸਆਈ ਅਤੇ ਸਹਾਇਕ ਥਾਣੇਦਾਰ ਸੁੱਖਾ ਸਿੰਘ ਨੇ ਗੰਢੂਆਂ ਵਿੱਚ ਮੁਲਜ਼ਮ ਦੇ ਘਰ ’ਤੇ ਛਾਪਾ ਮਾਰਿਆ ਤਾਂ ਮੁਲਜ਼ਮ ਤੇ ਉਸਦੀ ਪਤਨੀ ਨੇ ਪੁਲੀਸ ਕਰਮਚਾਰੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਸੱਟਾਂ ਮਾਰੀਆਂ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਵੀ ਪਾਇਆ। ਤਫਸ਼ੀਸ਼ ਦੌਰਾਨ ਮੁਲਜ਼ਮਾਂ ਅੰਜੂ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਰੀਕਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਧਰ, ਇਸੇ ਤਰ੍ਹਾਂ ਧਰਮਗੜ੍ਹ ਪੁਲੀਸ ਨੇ ਮੁਖਬਰੀ ਦੇ ਆਧਾਰ ’ਤੇ ਇੱਕ ਸੁਰਿੰਦਰ ਸਿੰਘ ਪੱਪੂ ਨੂੰ 300 ਗਰਾਮ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ।