ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਜ਼ਿਲ੍ਹਾ ਪੁਲੀਸ ਨੇ ਅੰਤਰਰਾਜੀ ਏਟੀਐੱਮ ਕਾਰਡ ਠੱਗ ਗਰੋਹ ਦਾ ਪਰਦਾਫਾਸ਼ ਕਰਦਿਆਂ ਏਟੀਐੱਮ ਕਾਰਡ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਹਰਿਆਣਾ ਸੂਬੇ ਦੇ 2 ਲੁਟੇਰੇ ਕਾਬੂ ਕਰ ਕੇ ਉਨ੍ਹਾਂ ਕੋਲੋਂ ਜਾਅਲੀ ਨੰਬਰ ਵਾਲੀ ਆਈ-10 ਕਾਰ ਅਤੇ ਵੱਖ-ਵੱਖ ਬੈਂਕਾਂ ਦੇ 58 ਏਟੀਐੱਮ ਕਾਰਡ ਸਮੇਤ 23,600 ਰੁਪਏ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਲੁਟੇਰੇ ਸੁਨਾਮ ਸ਼ਹਿਰ ਤੋਂ ਇਲਾਵਾ ਲਹਿਰਾ, ਸੰਗਰੂਰ, ਧੂਰੀ, ਲੁਧਿਆਣਾ, ਰਾਏਕੋਟ, ਪਟਿਆਲਾ, ਮੁਹਾਲੀ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਅਤੇ ਹਰਿਆਣਾ ਸਟੇਟ ਵਿੱਚ ਕਰੀਬ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਨਾਮ ਵਿੱਚ ਮੁਖਬਰੀ ਮਿਲਣ ’ਤੇ ਏਟੀਐੱਮ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੌਰਾਨੇ ਤਫਤੀਸ਼ ਸਾਈਬਰ ਸੈਲ ਦੀ ਸਹਾਇਤਾ ਨਾਲ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਅਮਨਦੀਪ ਸਿੰਘ ਵਾਸੀ ਕਾਪਰੋਂ ਥਾਣਾ ਖੇੜੀ ਚੌਂਕੜਾ ਜ਼ਿਲ੍ਹਾ ਹਿਸਾਰ (ਹਰਿਆਣਾ) ਅਤੇ ਰਾਜਵੀਰ ਉਰਫ਼ ਪੱਪੂ ਵਾਸੀ ਨੇੜੇ ਐਮਡੀਐਨ ਸਕੂਲ ਕਲਾਇਤ ਥਾਣਾ ਕੈਥਲ (ਹਰਿਆਣਾ) ਨੂੰ ਆਈ-10 ਜਾਅਲੀ ਨੰਬਰ ਦੀ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 58 ਏਟੀਐੱਮ ਕਾਰਡ ਅਤੇ 23600 ਰੁਪਏ ਨਕਦੀ ਬਰਾਮਦ ਕੀਤੇ ਗਏ ਹਨ। ਲੁਟੇਰਾ ਗਰੋਹ ਦੇ 2 ਮੈਂਬਰਾਂ ਸੁਨੀਲ ਵਾਸੀ ਸਰਕਾਰੀ ਹਸਪਤਾਲ ਹਿਸਾਰ (ਹਰਿਆਣਾ) ਅਤੇ ਅਮਰ ਦਾਸ ਵਾਸੀ ਵਾਰਡ ਨੰਬਰ 13 ਬਰਵਾਲਾ ਜ਼ਿਲ੍ਹਾ ਹਿਸਾਰ (ਹਰਿਆਣਾ) ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਹੈੱਡਕੁਆਰਟਰ ’ਤੇ ਸਾਈਬਰ ਸੈੱਲ ਸੰਗਰੂਰ ਨੂੰ ਪੁਨਰਗਠਿਤ ਕਰਕੇ ਡੀਐੱਸਪੀ ਡੀ ਦੀ ਨਿਗਰਾਨੀ ਹੇਠ ਦੋ ਟੀਮਾਂ ਬਣਾਈਆਂ ਸਨ। ਸਿੱਟੇ ਵਜੋਂ ਏਟੀਐੱਮ ਕਾਰਡ ਚੋਰ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਲੁਟੇਰਾ ਗਰੋਹ ਦੇ ਮੈਂਬਰ ਗੱਡੀਆਂ ’ਤੇ ਜਾਅਲੀ ਨੰਬਰ ਦੀਆਂ ਪਲੇਟਾਂ ਲਗਾ ਕੇ ਕੁਝ ਸਮੇਂ ਤੋਂ ਸ਼ਹਿਰ ਸੁਨਾਮ ’ਚ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਵਾਲੇ ਭੋਲੇ-ਭਾਲੇ ਲੋਕਾਂ ਦੇ ਪਿੱਛੇ ਖੜ੍ਹ ਕੇ ਗੱਲਾਂ ਵਿੱਚ ਲਾ ਕੇ ਜਾਅਲਸਾਜ਼ੀ ਨਾਲ ਮੱਦਦ ਕਰਨ ਦੇ ਬਹਾਨੇ ਏਟੀਐੱਮ ਦਾ ਪਿਨ ਨੰਬਰ ਦੇਖ ਲੈਂਦੇ ਸਨ ਤੇ ਫ਼ਿਰ ਚਲਾਕੀ ਨਾਲ ਕਾਰਡ ਫੜ ਕੇ ਮਿਲਦਾ ਜੁਲਦਾ ਫਰਜ਼ੀ ਏਟੀਐੱਮ ਕਾਰਡ ਬਦਲ ਕੇ ਲੋਕਾਂ ਨੂੰ ਦੇ ਦਿੰਦੇ ਸਨ। ਅਸਲ ਏਟੀਐੱਮ ਕਾਰਡ ਨੂੰ ਵਰਤ ਕੇ ਪੈਸੇ ਕਢਵਾ ਲੈਂਦੇ ਸਨ। ਕੁਝ ਰਕਮ ਪੇਅ ਟੀ.ਐੱਮ ਰਾਹੀਂ ਟਰਾਂਸਫਰ ਕਰਕੇ ਕਿਸੇ ਦੁਕਾਨਦਾਰ ਤੋਂ ਪੈਸੇ ਹਾਸਲ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਬੈਂਕਾਂ ਦੇ ਬਰਾਮਦ ਹੋਏ 58 ਏਟੀਐੱਮ ਕਾਰਡਾਂ ਵਿੱਚੋਂ ਕੁੱਝ ਏਟੀਐੱਮ ਪੀੜਤ ਲੋਕਾਂ ਦੇ ਹਨ ।