ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 22 ਮਾਰਚ
ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵੱਲੋਂ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਅਗਵਾਈ ਅਤੇ ਡਾ. ਸਤਿੰਦਰ ਪਾਲ ਦੀ ਦੇਖ-ਰੇਖ ਹੇਠ 16ਵੀਂ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਅਥਲੈਟਿਕ ਮੀਟ ਦਾ ਉਦਘਟਨ ਕਾਂਗਰਸ ਦੇ ਜਰਨਲ ਸੈਕਟਰੀ ਪੀਕੇ ਭਾਰਦਵਾਜ ਨੇ ਕਾਲਜ ਦੇ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਦੌਰਾਨ ਸਲਾਮੀ ਲੈਣ ਉਪਰੰਤ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਸੁਨੀਤਾ ਰਾਣੀ ਸੁਪਰਡੈਂਟ ਆਫ਼ ਪੁਲੀਸ, ਸਕੱਤਰ ਜਸਵੰਤ ਸਿੰਘ ਖਹਿਰਾ, ਸਿਆਸਤ ਸਿੰਘ, ਬਲਦੇਵ ਸਿੰ ਤੇ ਬਲਵੰਤ ਸਿੰਘ ਆਦਿ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਗੀਤਾ ਠਾਕੁਰ ਨੇ ਮੁੱਖ ਮਹਿਮਾਨਾਂ ਨੂੰ ਕਾਲਜ ਦੀਆਂ ਵਿੱਦਿਅਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਕਾਲਜ ਦੇ ਵਿਦਿਆਰਥੀਆਂ ਨੇ ਐਰੋਬਿਕ ਡਾਂਸ, ਭੰਗੜਾ, ਗਿੱਧਾ ਅਤੇ ਯੋਗ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਮੌਕੇ ਹੋਏ ਸਖਤ ਮੁਕਾਬਲਿਆਂ ਦੌਰਾਨ ਲੜਕਿਆਂ ਵਿੱਚੋਂ ਅਮਨਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਤਨਵੀਰ ਕੌਰ ਬੈਸਟ ਅਥਲੀਟ ਬਣੇ। ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਦੂਸਰਾ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮਾਧੁਰੀ ਸਕਸੈਨਾ ਨੇ ਕੀਤੀ। ਇਸ ਉਪਰੰਤ ਕਾਲਜ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
ਕਾਲਜ ਵਿੱਚ ਪ੍ਰਾਜੈਕਟ ਅਥਲੈਟਿਕ ਮੀਟ
ਪਟਿਆਲਾ (ਖੇਤਰੀ ਪ੍ਰਤੀਨਿਧ): ਸਰਕਾਰੀ ਫਿਜ਼ੀਕਲ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿੱਚ ਪ੍ਰਿੰਸੀਪਲ ਡਾ. ਸਿਮਰਤ ਕੌਰ ਦੀ ਸਰਪ੍ਰਸਤੀ ਹੇਠ ਬੀਪੀਐੱਡ ਭਾਗ ਦੂਜਾ ਵਲੋਂ ਡਾ. ਤੇਜਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਪ੍ਰਾਜੈਕਟ ਅਥਲੈਟਿਕ ਮੀਟ ਕਰਵਾਈ ਗਈ। ਅਥਲੈਟਿਕ ਮੀਟ ਵਿਚ ਸਵੇਰ ਦੇ ਸੈਸ਼ਨ ਵਿਚ ਪ੍ਰੋ. ਵੀਰਦੇਵ ਸਿੰਘ ਸੇਵਾਮੁਕਤ ਪ੍ਰੋਫ਼ੈਸਰ ਸਟੇਟ ਕਾਲਜ ਪਟਿਆਲਾ ਨੇ ਮੁੱਖ ਮਹਿਮਾਨ ਅਤੇ ਡਾ. ਜਸਮੇਲ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਮ ਦੇ ਸੈਸ਼ਨ ਵਿਚ ਦਰੋਣਾਚਾਰਿਆ ਐਵਾਰਡੀ ਰਿਪੁਦਮਨ ਸਿੰਘ ਨੇ ਮੁੱਖ ਮਹਿਮਾਨ ਅਤੇ ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ, ਸਾਬਕਾ ਏ.ਈ.ਓ ਜਗਮੇਲ ਸਿੰਘ ਤੇ ਲੈਕਚਰਾਰ ਰਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਅਥਲੈਟਿਕ ਮੀਟ ਦਾ ਸਰਬੋਤਮ ਖਿਡਾਰੀ ਸਨਮਾਨ ਮਨਮੀਤ ਸਿੰਘ ਬੀ.ਪੀ.ਐੱਡ ਸਾਲ ਪਹਿਲਾ ਅਤੇ ਸਰਬੋਤਮ ਖਿਡਾਰਨ ਸਨਮਾਨ ਰਜਨੀ ਬੀਪੀਐੱਡ ਸਾਲ ਪਹਿਲਾ ਨੇ ਪ੍ਰਾਪਤ ਕੀਤਾ।