ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਅਪਰੈਲ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ।
ਨਰਿੰਦਰ ਕੌਰ ਭਰਾਜ ਨੇ ਅੱਜ ਦੂਜੇ ਦਿਨ ਇਲਾਕੇ ਦੇ ਪਿੰਡ ਮਸਾਣੀ, ਮੁਨਸ਼ੀਵਾਲਾ, ਨਦਾਮਪੁਰ, ਚੰਨੋ, ਲੱਖੇਵਾਲ, ਬਾਲਦ ਕਲਾਂ, ਬਾਲਦ ਖੁਰਦ, ਥੰਮਣ ਸਿੰਘ ਵਾਲਾ ਅਤੇ ਮੱਟਰਾਂ ਵਿਖੇ ਧੰਨਵਾਦੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਤੇ ਸਹਿਯੋਗ ਦੀ ਉਹ ਹਮੇਸ਼ਾ ਰਿਣੀ ਰਹੇਗੀ ਅਤੇ ਪੂਰੇ ਪੰਜ ਸਾਲ ਹਲਕੇ ਦੇ ਸਾਂਝੇ ਕੰਮਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕਰਨ ਨੂੰ ਤਰਜੀਹ ਦੇਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਵਾਅਦੇ ਕਰਨ ਦੀ ਥਾਂ ਗਾਰੰਟੀਆਂ ਦਿੱਤੀਆਂ ਗਈਆਂ ਸਨ, ਜੋ ਹਰ ਹਾਲਤ ਵਿੱਚ ਲਾਗੂ ਕੀਤੀਆਂ ਜਾਣਗੀਆਂ। ਬੀਬੀ ਭਰਾਜ ਦਾ ਸਾਰੇ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿਧਾਇਕ ਬਰਿੰਦਰ ਗੋਇਲ ਨੇ ਨੇੜਲੇ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨੂੰ ਵਾਅਦੇ ਪੂਰੇ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਗਲ ’ਤੇ ਤਲਵਾਰ ਲਟਕਾਈ ਜਾ ਰਹੀ ਹੈ। ਆਪ ਨੂੰ ਪੰਜਾਬ ਦਾ ਵਿਕਾਸ ਕਰਨ ਤੋਂ ਹਰ ਹੀਲੇ ਰੋਕਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਚੇਤੇ ਕਰਾਉਂਦਿਆਂ ਆਖਿਆ ਹੋਰ ਆਗੂ ਵੋਟਾਂ ਲੈ ਕੇ ਚਲੇ ਜਾਂਦੇ ਹਨ ਅਤੇ ਮੁੜ ਆਪਣੇ ਹਲਕੇ ਨੂੰ ਮੂੰਹ ਨਹੀਂ ਦਿਖਾਉਂਦੇ।
ਉਨ੍ਹਾਂ ਆਪਣੇ ਹਲਕਾ ਲਹਿਰਾਗਾਗਾ ਵਿੱਚ ਹਮੇਸ਼ਾ ਹਾਜ਼ਰ ਰਹਿਣ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਆਪ ਵਾਲੰਟੀਅਰਾਂ ਤੇ ਪਿੰਡ ਦੀ ਪੰਚਾਇਤ ਵੱਲੋਂ ਕੁਝ ਅਧੂਰੇ ਕੰਮਾਂ ਲਈ ਮਤੇ ਪਾ ਕੇ ਵਿਧਾਇਕ ਬਰਿੰਦਰ ਗੋਇਲ ਸੌਂਪੇ। ਵਿਧਾਇਕ ਨੇ ਪਿੰਡ ਦੇ ਵਿਕਾਸ ਲਈ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ