ਮੁਕੰਦ ਸਿੰਘ ਚੀਮਾ
ਸੰਦੌੜ, 11 ਜਨਵਰੀ
ਪਿੰਡ ਕੁਠਾਲਾ ਦੇ ਗੁਰਦੁਆਰਾ ਭਗਤ ਰਵਿਦਾਸ ’ਚ 9 ਜਨਵਰੀ ਦੀ ਰਾਤ ਹੋਈ ਹਿੰਸਕ ਝਪਟ ਦੇ ਮਾਮਲੇ ਵਿੱਚ 25 ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਹਿੰਸਕ ਵਾਰਦਾਤ ਉਸ ਗੁਰੂ ਘਰ ਵਿੱਚ ਵਾਪਰੀ ਜਿੱਥੇ ਬਾਬਾ ਗੁਰਮੇਲ ਸਿੰਘ ਲੋਕਾਂ ਨੂੰ ਪੈਸੇ ਕਈ ਗੁਣਾਂ ਕਰਨ ਦਾ ਧੰਦਾ ਕਰਦਾ ਸੀ। ਬਾਬਾ ਗੁਰਮੇਲ ਸਿੰਘ ਇਸ ਵੇਲੇ ਰੂਪੋਸ਼ ਹੈ। ਹਮਲੇ ਦੌਰਾਨ ਜ਼ਖ਼ਮੀ ਹੋਇਆ ਵਿਅਕਤੀ ਜਸਪ੍ਰੀਤ ਸਿੰਘ ਜੱਸਾ ਗੁਰਮੇਲ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੋਂ ਲਗਾਤਾਰ ਲੋਕਾਂ ਦੇ ਪੈਸੇ ਵਾਪਿਸ ਮੁੜਵਾਉਣ ਸਬੰਧੀ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਿਹਾ ਸੀ।ਪੁਲੀਸ ਨੇ ਇਸ ਹਮਲੇ ਨਾਲ ਸਬੰਧਤ ਦਰਜ ਕੀਤੇ ਗਏ ਮਾਮਲੇ ਵਿੱਚ ਬਾਬਾ ਗੁਰਮੇਲ ਸਿੰਘ ਅਤੇ ਖਜ਼ਾਨਚੀ ਹਾਕਮ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਜਸਪ੍ਰੀਤ ਸਿੰਘ ਜੱਸਾ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਿਕ 9 ਜਨਵਰੀ ਦੀ ਰਾਤ ਨੂੰ ਖਜ਼ਾਨਚੀ ਹਾਕਮ ਸਿੰਘ ਸਮੇਤ 2 ਦਰਜਨ ਵਿਅਕਤੀਆਂ ਨੇ ਉਸ ਉਪਰ ਗੁਰੂ ਘਰ ਅੰਦਰ ਹੀ ਧਾਵਾ ਬੋਲ ਦਿੱਤਾ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ।ਜਸਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਹਮਲਾ ਕਰਨ ਆਏ ਲੋਕਾਂ ਨੇ ਗੁਰੂ ਘਰ ਦੇ ਕੈਮਰੇ ਤੱਕ ਵੀ ਭੰਨ ਦਿੱਤੇ। ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ 25 ਜਣਿਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਵਿਚੋਂ ਖਜ਼ਾਨਚੀ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।