ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਦਸੰਬਰ
ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖ਼ਿਲਾਫ਼ ਸਿਵਲ ਹਸਪਤਾਲ ’ਚ ਜ਼ਿਲ੍ਹਾ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ’ਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਵੱਡੀ ਤਾਦਾਦ ’ਚ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਉਮੀਦਵਾਰਾਂ ਦਾ ਪਿੰਡਾਂ ’ਚ ਘਿਰਾਓ ਕੀਤਾ ਜਾਵੇਗਾ।
ਧਰਨੇ ਨੂੰ ਸੰਬੋਧਨ ਕਰਦਿਆਂ ਆਸ਼ਾ ਫੈਸੀਲੀਟੇਟਰ ਤੇ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ 14 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਦੇ ਸ਼ਹਿਰ ਮੋਰਿੰਡਾ ’ਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਸੀ ਜਿਸਦੀ ਬਦੌਲਤ 18 ਅਕਤੂਬਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਕੱਤਰ ਵੱਲੋਂ ਮੰਗਾਂ ਨੂੰ ਜਾਇਜ਼ ਮੰਨਦਿਆਂ ਕੁਝ ਦਿਨਾਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਇਸਤੋਂ ਇਲਾਵਾ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਰੈਗੂਲਰ ਤੌਰ ’ਤੇ 2500 ਰੁਪਏ ਮਾਸਿਕ ਕੋਵਿਡ ਭੱਤਾ ਦੇਣਾ ਮੰਨਿਆ ਸੀ ਤੇ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ ਅਮਲੀ ਰੂਪ ’ਚ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੱਡੀਆਂ ਉਮੀਦਾਂ ਸਨ ਪਰ ਮੰਗਾਂ ਦਾ ਹੱਲ ਤਾਂ ਕੀ ਕਰਨਾ ਸੀ ਸਗੋਂ ਉਲਟਾ ਵਿਭਾਗ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜਿਸ ਵਰਕਰ ਦਾ 3500 ਰੁਪਏ ਤੋਂ ਘੱਟ ਇਨਸੈਟਿਵ ਹੋਇਆ ਤਾਂ ਉਸਦਾ ਕੋਵਿਡ ਭੱਤਾ 2500 ਰੁਪਿਆ ਕੱਟ ਲਿਆ ਜਾਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਘੱਟੋ ਘੱਟ ਉਜਰਤ ਡੀਸੀ ਰੇਟ 15 ਹਜ਼ਾਰ ਰੁਪਏ ਲਾਗੂ ਕੀਤਾ ਜਾਵੇ, 2500 ਰੁਪਏ ਰੈਗੂਲਰ ਭੱਤਾ ਦੇਣ ਤੇ ਪ੍ਰਸੂਤਾ ਛੁੱਟੀ ਦਾ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਕੇਰਲਾ, ਮਹਾਰਾਸ਼ਟਰ ਅਤੇ ਹਰਿਆਣਾ ਦੀ ਤਰਜ਼ ’ਤੇ 4000 ਤੋਂ 7500 ਰੁਪਏ ਮਾਣ ਭੱਤਾ ਦਿੱਤਾ ਜਾਵੇ, ਵਾਰਡ ਅਟੈਂਡੈਂਟ, ਏਐੱਨਐਮ, ਜੀਐੱਨਐਮ, ਕੰਪਿਊਟਰ ਆਦਿ ਯੋਗਤਾ ਪੂਰੀਆਂ ਕਰਦੀਆਂ ਵਰਕਰਾਂ ਨੂੰ ਖਾਲੀ ਅਸਾਮੀਆਂ ’ਤੇ ਪ੍ਰਮੋਟ ਕੀਤਾ ਜਾਵੇ, ਇਨਸੈਂਟਿਵਾਂ ਦੀਆਂ ਦਰਾਂ ਤੇ ਟੂਰ ਮਨੀ ’ਚ ਵਾਧਾ ਕੀਤਾ ਜਾਵੇ।