ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜਨਵਰੀ
ਸੰਗਰੂਰ ਪੁਲੀਸ ਨੇ ਉੱਘੇ ਅਥਲੀਟ ਰਹਿ ਚੁੱਕੇ ਇੱਕ ਵਿਅਕਤੀ ਨੂੰ 32 ਬੋਰ ਦੇ ਦੋ ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸਦੇ ਖ਼ਿਲਾਫ ਅਸਲਾ ਆਰਮਜ਼ ਐਕਟ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਅਥਲੈਟਿਕਸ ਦੇ ਖੇਤਰ ਵਿੱਚ ਇੰਡੀਆ ਪੱਧਰ ’ਤੇ ਸਿਲਵਰ ਮੈਡਲ ਜਿੱਤ ਚੁੱਕਿਆ ਹੈ। ਜਿਥੇ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਕੀਤੀਆਂ ਹਨ ਉਥੇ ਅਪਰਾਧਕ ਖੇਤਰ ਵਿੱਚ ਵੀ ਗਤੀਵਿਧੀਆਂ ਘੱਟ ਨਹੀਂ ਹੈ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 17 ਪੁਲੀਸ ਕੇਸ ਦਰਜ ਹਨ।
ਅੱਜ ਉਪ ਕਪਤਾਨ ਪੁਲੀਸ ਡੀ ਯੋਗੇਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੀ ਕਰਾਇਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਦੀਪਇੰਦਰ ਪਾਲ ਸਿੰਘ ਜੇਜੀ ਦੀ ਨਿਗਰਾਨੀ ਹੇਠ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਨੇੜੇ ਬਾਂਸਲ ਹਸਪਤਾਲ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਕੁਲਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਗਲੀ ਨੰਬਰ-2 ਜੁਝਾਰ ਨਗਰ ਸੰਗਰੂਰ ਨੂੰ ਕ੍ਰਿਸ਼ਨਪੁਰਾ ਤੋਂ ਬੱਸ ਸਟੈਂਡ ਨੂੰ ਜਾਂਦੀ ਸੜਕ ਦੇ ਖੱਬੇ ਪਾਸੇ ਪਲਾਟਾਂ ਵਿੱਚੋਂ ਕਾਬੂ ਕੀਤਾ ਗਿਆ ਜਿਸਦੇ ਹੱਥ ਵਿੱਚ ਫੜ੍ਹੇ ਝੋਲੇ ਵਿੱਚੋਂ 2 ਪਿਸਤੌਲਾਂ 32 ਬੋਰ ਸਮੇਤ 20 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਿਸਦੇ ਖ਼ਿਲਾਫ਼ 59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੁਲਵਿੰਦਰ ਸਿੰਘ ਵਧੀਆ ਅਥਲੀਟ ਰਿਹਾ ਹੈ ਜਿਸਨੇ ਸਾਲ 2004 ਵਿਚ ਨੌਰਥ ਜ਼ੋਨ ਦਿੱਲੀ ਵਿੱਚ 4/4 ਰਿਲੇਅ ਦੌੜ ਵਿੱਚੋਂ ਦੂਜਾ ਸਥਾਨ, ਸਾਲ 2005 ਵਿਚ ਇੰਡੀਆ ਖੇਡਿਆ ਅਤੇ 800 ਮੀਟਰ ਦੌੜ ਵਿਚ ਇੰਡੀਆ ’ਚੋਂ ਸਿਲਵਰ ਮੈਡਲ ਹਾਸਲ ਕੀਤਾ। ਸਾਲ 2006 ਵਿੱਚ ਜਲੰਧਰ ’ਚ ਹੋਈਆਂ ਇੰਡੋ-ਪਾਕਿ ਗੇਮਾਂ ’ਚੋਂ ਚੌਥਾ ਸਥਾਨ ਹਾਸਲ ਕੀਤਾ। ਸਾਲ 2007 ਵਿੱਚ ਐੱਨਆਈਐੱਸ ਪਟਿਆਲਾ ਵੱਲੋਂ ਮਲੇਸ਼ੀਆ ਵਿੱਚ ਟਰੈਕ ਅਤੇ ਫੀਲਡ ਗੇਮਾਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਮਲੇਰਕੋਟਲਾ, ਧਨੌਲਾ, ਅਮਰਗੜ੍ਹ, ਸੰਗਰੂਰ, ਸੰਦੌੜ ਅਤੇ ਧੂਰੀ ਆਦਿ ਵਿਖੇ ਵੱਖ-ਵੱਖ ਅਪਰਾਧਿਕ ਦੋਸ਼ਾਂ ਤਹਿਤ 17 ਪੁਲੀਸ ਕੇਸ ਦਰਜ ਹਨ।