ਸਰਬਜੀਤ ਸਿੰਘ ਭੰੰਗੂ
ਪਟਿਆਲਾ, 30 ਦਸੰਬਰ
ਪਿਛਲੇ ਦਿਨੀ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ਘੰਗਰੋਲੀ ਵਾਸੀ ਗੁਰਜੀਤ ਸਿੰਘ ਜੀਤਾ ’ਤੇ ਗੋਲ਼ੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ ਇੱਕ ਮਹਿਲਾ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਸਲ ’ਚ ਇਹ ਹਮਲਾ ਪੀੜਤ ਦੀ ਪਤਨੀ ਚਰਨਜੀਤ ਕੌਰ ਨੇ ਹੀ ਆਪਣੇ ਜਾਣਕਾਰ ਰੇਸ਼ਮ ਸਿੰਘ ਵਾਸੀ ਧਰਮਗੜ੍ਹ ਤੋਂ ਕਰਵਾਇਆ ਸੀ। ਅੱਜ ਇਥੇ ਪ੍ਰ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਜੀਤ ਸਿੰਘ ਜੀਤਾ ਆਪਣੇ ਪਿੰਡ ਘੰਗਰੋਲੀ ਵਿੱਚ ਹੀ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਪਿਛਲੇ ਦਿਨੀ ਉਹ ਜਦੋਂ ਸ਼ਾਮ ਵੇਲੇ ਆਪਣੇ ਮੋਟਰਸਾਈਕਲ ’ਤੇ ਘਰ ਵੱਲ ਨੂੰ ਜਾ ਰਿਹਾ ਸੀ, ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਜੀਤਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜੋ ਹੁਣ ਵੀ ਡੀਐੱਮਸੀ ਹਸਪਤਾਲ ਲੁਧਿਆਣਾ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਉਸ ਦੇ ਭਰਾ ਪਰਮਜੀਤ ਸਿੰਘ ਪੰਮਾ ਦੇ ਬਿਆਨਾਂ ’ਤੇ ਇਰਾਦਾ ਕਤਲ ਦੀ ਧਾਰਾ 307,34 ਤੇ 25,27/54/59 ਅਸਲਾ ਐਕਟ ਤਹਿਤ ਥਾਣਾ ਸਦਰ ਸਮਾਣਾ ’ਚ ਕੇਸ ਦਰਜ ਕੀਤਾ ਸੀ। ਜੀਤੇ ਦਾ ਕਿਸੇ ਨਾਲ ਵੈਰ ਵਿਰੋਧ ਨਾ ਹੋਣ ਕਰਕੇ ਉਸ ’ਤੇ ਹਮਲੇ ਦੀ ਇਹ ਘਟਨਾ ਪੇਚੀਦਾ ਮਾਮਲਾ ਬਣਿਆ ਹੋਇਆ ਸੀ। ਜਿਸ ਦੇ ਚੱਲਦਿਆਂ ਐਸਪੀ ਇਨਵੈਸਟੀਗੇਸ਼ਨ ਡਾ. ਮਹਿਤਾਬ ਸਿੰਘ, ਡੀਐਸਪੀ ਇਨਵੈਸ਼ਟੀਗੇਸ਼ਨ ਅਜੇਪਾਲ ਸਿੰਘ, ਡੀਐੱਸਪੀ ਸਮਾਣਾ ਦਲਬੀਰ ਸਿੰਘ ਗਰੇਵਾਲ ਤੇ ਇੰਸਪੈਕਟਰ ਸ਼ਮਿੰਦਰ ਸਿੰਘ ’ਤੇ ਆਧਾਰਤ ਜਾਂਚ ਟੀਮ ਬਣਾਈ। ਇਸ ਟੀਮ ਵੱਲੋਂ ਵੱਖ ਵੱਖ ਪਹਿਲੂਆਂ ਦੇ ਆਧਾਰ ’ਤੇ ਜਾਂਚ ਦੌਰਾਨ ਹੀ ਇਸ ਹਮਲੇ ਦੀ ਅਸਲ ਕਹਾਣੀ ਸਾਹਮਣੇ ਆਈ। ਐੱਸਐੱਸਪੀ ਹਰਚਰਨ ਭੁੱਲਰ ਨੇ ਦੱਸਿਆ ਕਿ ਗੁਰਜੀਤ ਸਿੰਘ ਦੀ ਪਤਨੀ ਚਰਨਜੀਤ ਕੌਰ, ਰਿਸ਼ਤੇ ’ਚ ਦਿਓਰ ਲੱਗਦੇ ਰੇਸ਼ਮ ਸਿੰਘ ਦੇ ਸੰਪਰਕ ’ਚ ਸੀ। ਜਦੋਂ ਜੀਤਾ ਨੂੰ ਇਨ੍ਹਾਂ ਦੇ ਸੰਪਰਕ ਹੋਣ ਬਾਰੇ ਪਤਾ ਲੱਗਾ, ਤਾਂ ਜੀਤਾ ਤੇ ਰੇਸ਼ਮ ਸਿੰਘ ਦਰਮਿਆਨ ਰੰਜਿਸ਼ ਰਹਿਣ ਲੱਗ ਪਈ ਤੇ ਜੀਤਾ ਦਾ ਆਪਣੀ ਪਤਨੀ ਨਾਲ ਵੀ ਝਗੜਾ ਰਹਿਣ ਲੱਗਾ। ਜਿਸ ਦੌਰਾਨ ਚਰਨਜੀਤ ਕੌਰ ਨੇ ਰੇਸ਼ਮ ਸਿੰਘ ਨਾਲ਼ ਸਲਾਹ ਮਸ਼ਵਰਾ ਕਰਕੇ ਗੁਰਜੀਤ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਉਸ ਦੇ ਕਤਲ ਦੀ ਸ਼ਾਜਿਸ਼ ਘੜੀ। 25 ਦਸੰਬਰ ਨੂੰ ਰੇਸ਼ਮ ਸਿੰਘ ਨੇ ਆਪਣੇ ਦੋਸਤ ਜ਼ਗਤਾਰ ਸਿੰਘ ਤਾਰੀ ਨੂੰ ਨਾਲ਼ ਰਲ਼ਾ ਲਿਆ ਤੇ ਤਾਰੀ ਨੇ ਆਪਣੀ 12 ਬੋਰ ਦੀ ਪਿਸਤੌਲ ਨਾਲ ਗੁਰਜੀਤ ਸਿੰਘ ਨੂੰ ਮਾਰਨ ਦੀ ਨੀਅਤ ਨਾਲ਼ ਉਸ ’ਤੇ ਫਾਇਰ ਕੀਤਾ। ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਇੰਸਪੈਕਟਰ ਸ਼ਮਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਚਰਨਜੀਤ ਕੌਰ, ਰੇਸ਼ਮ ਸਿੰਘ ਤੇ ਤਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲ਼ਜਮਾ ਕੋਲੋਂ ਹਮਲੇ ਦੌਰਾਨ ਵਰਤੇ ਗਏ ਪਿਸਤੌਲ ਸਮੇਤ ਇੱਕ ਹੋਰ ਪਿਸਤੌਲ ਵੀ ਬਰਾਮਦ ਕੀਤਾ ਹੈ।
ਪੰਕਜ ਕੁਮਾਰ ਦੇ ਕਤਲ ਦੀ ਗੁੱਥੀ ਸੁਲਝੀ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਪੰਕਜ ਕੁਮਾਰ ਲਵਲੀ ਦੀ ਮੌਤ ਦੇ ਰਹੱਸ ਨੂੰ ਲਹਿਰਾਗਾਗਾ ਪੁਲੀਸ ਨੇ ਬੇਨਕਾਬ ਕਰ ਦਿੱਤਾ ਹੈ। ਪੁਲੀਸ ਦੀ ਤਹਿਕੀਕਾਤ ਅੱਗੇ ਪੰਕਜ ਕੁਮਾਰ ਲਵਲੀ ਦੇ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਦੀ ਚਾਲ ਫੇਲ੍ਹ ਹੋ ਕੇ ਰਹਿ ਗਈ। ਸ਼ਹਿਰ ਵਾਸੀ ਇਸ ਨੂੰ ਆਤਮਹੱਤਿਆ ਨਹੀਂ ਕਤਲ ਹੋਇਆ ਕਹਿ ਰਹੇ ਸਨ। ਪੰਕਜ ਕੁਮਾਰ ਦੀ ਲਾਸ਼ ਨਹਿਰ ਵਿੱਚੋਂ ਮਿਲਣ ਉਪਰੰਤ ਪੁਲੀਸ ਨੇ ਕਈ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀ। ਆਖਰ ਸਿੱਟੇ ’ਤੇ ਪਹੁੰਚਦਿਆਂ ਲਹਿਰਾਗਾਗਾ ਪੁਲੀਸ ਨੇ ਆਈਪੀਸੀ ਦੀ ਧਾਰਾ 306 ਨੂੰ ਘਟਾ ਕੇ 302,120 ਬੀ-ਬੀ-201 ਤਹਿਤ ਮਾਮਲਾ ਸੀਨੀਅਰ ਅਕਾਲੀ ਆਗੂ ਸੱਤ ਪਾਲ ਸਿੰਗਲਾ, ਉਸਦੇ ਪੁੱਤਰ ਅਸ਼ੋਕ ਸਿੰਗਲਾ, ਸੁਨੀਲ ਕੁਮਾਰ ਉਗਰ ਪੁੱਤਰ ਸੱਤਪਾਲ, ਰਜਿਤ ਸਿੰਗਲਾ, ਲਾਗਰੀ ਬਲਦੇਵ ਨੇਪਾਲੀ, ਚਮਥੋਰ ਸਿੰਘ ਕੋਟੜਾ ਲੇਹਲ, ਭੋਪੂ ਚੌਰੰਸੀਆ ਯੂਪੀ, ਲੇਬਰ ਅਨਿਲ ਕੁਮਾਰ ਬਿਹਾਰ ਨੇ ਪੰਕਜ ਕੁਮਾਰ ਨੂੰ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਜਿਸ ’ਤੇ ਮੁਕੱਦਮਾ 299 ਮਿਤੀ 20 ਦਸੰਬਰ 346 ਆਈਪੀਸੀ ਦਾ ਘਾਟਾ ਕਰਕੇ ਲਹਿਰਾਗਾਗਾ ਪੁਲੀਸ ਨੇ ਆਈਪੀਸੀ ਦੀ ਧਾਰਾ 302 /201/ 120 ਬੀ ਤਹਿਤ ਮਾਮਲਾ ਦਰਜ ਕਰਕੇ ਅਸ਼ੋਕ ਸਿੰਗਲਾ, ਲਾਗਰੀ ਬਲਦੇਵ ਨੇਪਾਲੀ, ਚਮਥੋਰ ਸਿੰਘ ਕੋਟੜਾ ਲੇਹਲ, ਭੋਪੂ ਚੌਰੰਸੀਆ ਯੂਪੀ, ਲੇਬਰ ਅਨਿਲ ਕੁਮਾਰ ਬਿਹਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲੀਸ ਅਗਲੀ ਜਾਂਚ ਕਰ ਰਹੀ ਹੈ।