ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਜੂਨ
ਮੋਗਾ ਹਲਕੇ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਹਰਦੀਪ ਕੌਰ ਘਰਾਚੋੰ ਵੱਲੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਅੱਜ ਇੱਥੇ ਸ਼ਹਿਰ ਦੀ ਕਾਲਜ ਕਲੋਨੀ, ਨਵਾਂ ਬੱਸ ਸਟੈਂਡ ਕਲੋਨੀ ਅਤੇ ਤੂਰ ਪੱਤੀ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਵਿਧਾਇਕ ਡਾ. ਅਰੋੜਾ ਅਤੇ ਵਿਧਾਇਕ ਭਰਾਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫੌਜੀ ਭਰਤੀ ਵਿੱਚ ਠੇਕੇਦਾਰੀ ਸਿਸਟਮ ਲਾਗੂ ਕਰਕੇ ਦੇਸ਼ ਦੀ ਸੁਰੱਖਿਆ ਅਤੇ ਨੌਜਵਾਨਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉੁਨ੍ਹਾਂ ਕਿਹਾ ਪੰਜਾਬ ਦੀ ਮਾਨ ਸਰਕਾਰ ਹਰ ਇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈੈ। ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਪਤਨੀ ਹਰਦੀਪ ਕੌਰ ਨੇ ਭਰੋਸਾ ਦਿਵਾਇਆ ਕਿ ਉਸ ਦੇ ਪਤੀ ਪਾਰਲੀਮੈਂਟ ਵਿੱਚ ਹਲਕੇ ਦੇ ਲੋਕਾਂ ਦੀ ਅਵਾਜ ਬੁਲੰਦ ਕਰਨਗੇ।
ਪੰਚਾਇਤ ਮੰਤਰੀ ਧਾਲੀਵਾਲ ਤੇ ਹੋਰ ਵਿਧਾਇਕਾਂ ਵੱਲੋਂ ਚੋਣ ਰੈਲੀਆਂ
ਸ਼ੇਰਪੁਰ (ਬੀਰਬਲ ਰਿਸ਼ੀ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਦਲਵੀਰ ਸਿੰਘ ਟੌਂਗ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂ ਨੇ ਪਿੰਡ ਘਨੌਰ ਖੁਰਦ, ਘਨੌਰ ਕਲਾਂ, ਘਨੌਰੀ ਕਲਾਂ ਸਮੇਤ ਕਈ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ। ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ ਮਾਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨੁਕਤਾਚੀਨੀ ਕਰਨ ਵਾਲੇ ਜਿਹੜੇ ਅਕਾਲੀਆਂ ਤੇ ਕਾਂਗਰਸੀਆਂ ਨੇ ਆਪਣੇ ਕਾਰਜਕਾਲ ਦੌਰਾਨ ਪੰਜ ਮਰਲੇ ਜ਼ਮੀਨ ਦਾ ਕਬਜ਼ਾ ਨਹੀਂ ਛੁਡਵਾਇਆ, ਉਨ੍ਹਾਂ ਦੀ ਜਾਣਕਾਰੀ ਹਿੱਤ ਹੁਣ ਤੱਕ 55 ਸੌ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਹੈ। ਉਨ੍ਹਾਂ ਚੋਣਾਂ ਮਗਰੋਂ ਕੈਪਟਨ, ਬਾਦਲ, ਸੈਣੀ, ਗੁਪਤਾ ਜਿਹੇ ਲੋਕਾਂ ਤੋਂ ਵੱਡੇ ਨਜਾਇਜ਼ ਕਬਜ਼ੇ ਛੁਡਵਾਏ ਜਾਣ ਦੀ ਤਿਆਰੀ ਦਾ ਖੁਲਾਸਾ ਕੀਤਾ। ਪਿੰਡ ਘਨੌਰੀ ਕਲਾਂ ਇਕਾਈ ਪ੍ਰਧਾਨ ਗੁਰਮੇਲ ਸਿੰਘ, ਮਾਸਟਰ ਕੁਲਵੰਤ ਸਿੰਘ ਤੇ ਮੁਸਲਿਮ ਆਗੂ ਅਮਨ ਖਾਨ ਨੇ ਪਿੰਡ ਨੂੰ ਸਬ ਤਹਿਸੀਲ ਬਣਾਏ ਜਾਣ, ਕੇਂਦਰ ਚਾਲੂ ਕਰਨ, ਪਸੂ ਡਿਸਪੈਂਸਰੀ ਦੀ ਇਮਾਰਤ ਦੇ ਨਵ-ਨਿਰਮਾਣ ਤੇ ਪਿੰਡ ਅਤੇ ਟੋਭਿਆਂ ਨੂੰ ਸੋਹਣੀ ਦਿੱਖ ਦੇਣ ਦੇ ਮੁੱਦੇ ਉਠਾਏ। ਜਰਨੈਲ ਸਿੰਘ ਨੇ ਚਿੱਟੇ ਦੇ ਨਸ਼ੇ ਦੀ ਭਰਮਾਰ ਤੇ ਪੁਲੀਸ ਵਧੀਕੀਆਂ ਦੀ ਗੱਲ ਕੀਤੀ। ਪਿੰਡ ਘਨੌਰ ਕਲਾਂ ’ਚ ਜਸਵਿੰਦਰ ਸਿੰਘ, ਮਾਸਟਰ ਗੁਰਮੇਲ ਸਿੰਘ ਤੇ ਬਾਬਾ ਭਰਭੂਰ ਸਿੰਘ ਨੇ ਕਲੇਰਾਂ ਸੜਕ ਸਮੇਤ ਹੋਰ ਸਮੱਸਿਆਵਾਂ ਦੱਸੀਆਂ।