ਪਵਨ ਵਰਮਾ
ਧੂਰੀ, 8 ਸਤੰਬਰ
ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੇ ਵੇਰਵੇ ‘ਅਨਾਜ ਖਰੀਦ ਪੋਰਟਲ’ ਨਾਲ ਜੋੜਨ ਲਈ ਲਗਾਏ ਗਏ ਸਿਖਲਾਈ ਕੈਂਪ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਆੜ੍ਹਤੀਆਂ ਨੇ ਇਹ ਕਹਿ ਕੇ ਮਾਰਕੀਟ ਕਮੇਟੀ ਦਫਤਰ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਕਿ ਇਹ ਕੰਮ ਉਨ੍ਹਾਂ ਦਾ ਨਹੀਂ ਹੈ, ਸਗੋਂ ਮਾਰਕੀਟ ਕਮੇਟੀ ਦਾ ਹੈ। ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਅੱਜ ਮਾਰਕੀਟ ਕਮੇਟੀ ਵੱਲੋਂ ਆੜ੍ਹਤੀਆਂ ਨੂੰ ਝੋਨੇ ਦੇ ਆਗਾਮੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵੇਰਵੇ ਅਨਾਜ ਖਰੀਦ ਪੋਰਟਲ ’ਤੇ ਅਪਡੇਟ ਕਰਨ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ ਸੀ। ਪ੍ਰੰਤੂ ਇਸ ਬਾਰੇ ਨਾ ਤਾਂ ਆੜ੍ਹਤੀਆਂ ਨੂੰ ਕੁੱਝ ਸਮਝ ਵਿਚ ਆਇਆ ਅਤੇ ਨਾ ਹੀ ਇਹ ਕੰਮ ਆੜਤੀਆਂ ਦਾ ਹੈ, ਸਗੋਂ ਇਹ ਕੰਮ ਮਾਰਕੀਟ ਕਮੇਟੀ ਦਾ ਹੈ ਅਤੇ ਮਾਰਕੀਟ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੱਖੇ ਡੇਟਾ ਅਪਰੇਟਰਾਂ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵੇਰਵੇ ਪੋਰਟਲ ’ਤੇ ਅਪਡੇਟ ਕਰਵਾਏ। ਕਿਸੇ ਵੀ ਆੜ੍ਹਤੀਏ ਕੋਲ ਕਿਸਾਨ ਦੀ ਜ਼ਮੀਨ ਦਾ ਵੇਰਵਾ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਕਿਸਾਨ ਵੱਲੋਂ ਆਪਣੀ ਜ਼ਮੀਨ ਦੇ ਵੇਰਵੇ ਉਨ੍ਹਾਂ ਨਾਲ ਸਾਂਝੇ ਕੀਤੇ ਗਏ ਹਨ। ਵੇਰਵੇ ਮਾਲ ਵਿਭਾਗ ਕੋਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਕੰਮ ਮਾਰਕੀਟ ਕਮੇਟੀਆਂ ਪਾਸੋਂ ਕਰਵਾਏ। ਜੇਕਰ ਆੜ੍ਹਤੀਆਂ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਨਗੇ।