ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਕਤੂਬਰ
ਇਥੇ ਆੜ੍ਹਤੀਆਂ ਵੱਲੋਂ ਕਿਸਾਨਾਂ ਦਾ ਝੋਨਾ ਤੋਲਣ ਵੇਲੇ ਵੱਧ ਤੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਗੱਟਿਆਂ ਵਿੱਚ 700 ਗ੍ਰਾਮ ਤੋਂ ਲੈ ਕੇ 1400 ਗ੍ਰਾਮ ਤੱਕ ਝੋਨਾ ਵੱਧ ਤੋਲਿਆ ਹੋਇਆ ਸੀ। ਕਿਸਾਨਾਂ ਨੇ ਆੜ੍ਹਤੀਏ ਵਿਰੁੱਧ 420 ਦਾ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਖਾਈ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਆੜ੍ਹਤੀਏ ਰਮੇਸ਼ ਕੁਮਾਰ ਪਵਨ ਕੁਮਾਰ ਦੀ ਦੁਕਾਨ ’ਤੇ ਲਗਪਗ ਚਾਰ ਸੌ ਗੱਟਾ ਝੋਨਾ ਵੇਚਿਆ ਗਿਆ ਹੈ, ਆਖ਼ਰੀ ਢੇਰੀ ਤੋਲਣ ਤੋਂ ਬਾਅਦ ਉਹ ਤੋਲੇ ਗਏ ਗੱਟਿਆਂ ਵਿਚੋਂ ਇਕ ਗੱਟਾ ਆਪਣੇ ਘਰ ਲੈ ਗਿਆ ਅਤੇ ਜਦੋਂ ਤੋਲ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਆੜ੍ਹਤੀਆਂ ਵੱਲੋਂ ਬਣਦੇ ਵਜ਼ਨ ਤੋਂ ਲਗਪਗ 1250 ਗ੍ਰਾਮ ਵਜ਼ਨ ਗੱਟੇ ਵਿੱਚ ਵੱਧ ਤੋਲਿਆ ਹੋਇਆ ਸੀ। ਉਧਰ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਵੱਲੋਂ ਜਦੋਂ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਕਮੇਟੀ ਮੁਲਾਜ਼ਮਾਂ ਵੱਲੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ ਅਤੇ ਅਧਿਕਾਰੀਆਂ ਨੇ 9 ਨਵੰਬਰ ਤੱਕ ਆੜ੍ਹਤ ਦਾ ਲਾਇਸੰਸ ਕੈਂਸਲ ਕਰ ਦਿੱਤਾ ਤੇ ਆੜ੍ਹਤੀਏ ਨੂੰ ਬਣਦਾ ਜੁਰਮਾਨਾ ਭਰਨ ਲਈ ਨੋਟਿਸ ਜਾਰੀ ਕੀਤਾ ਹੈ।
ਮੰਡੀਆਂ ਵਿੱਚ ਝੋਨੇ ਦੀ ਆਮਦ ਵਧੀ
ਦੇਵੀਗੜ੍ਹ, (ਪੱਤਰ ਪ੍ਰੇਰਕ): ਝੋਨੇ ਦੀ ਫਸਲ ਦੀ ਆਮਦ ਇਸ ਵੇਲੇ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਸਾਰੀਆਂ ਅਨਾਜ ਮੰਡੀਆਂ ਝੋਨੇ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ। ਹਲਕਾ ਸਨੌਰ ਦੀ ਮਾਰਕੀਟ ਕਮੇਟੀ ਦੂਧਨਸਾਧਾਂ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਫਸਲ ਪਹੁੰਚ ਚੁੱਕੀ ਹੈ। ਮਾਰਕੀਟ ਕਮੇਟੀ ਦੂਧਨਸਾਧਾਂ ਦੇ ਲੇਖਾਕਾਰ ਜੰਗ ਸਿੰਘ ਨੇ ਦੱਸਿਆ ਕਿ ਹੁਣ ਤੱਕ ਅਨਾਜ ਮੰਡੀ ਦੇਵੀਗੜ੍ਹ ਵਿੱਚ ਝੋਨੇ ਦੀ 219050 ਕੁਇੰਟਲ ਫਸਲ, ਅਨਾਜ ਮੰਡੀ ਦੂਧਨਸਾਧਾਂ ਵਿੱਚ 179050 ਕੁਇੰਟਲ, ਭੁਨਰਹੇੜੀ ਮੰਡੀ ਵਿੱਚ 198350 ਕੁਇੰਟਲ, ਪੁਰ ਮੰਡੀ ਵਿੱਚ 14650 ਕੁਇੰਟਲ, ਮਸੀਂਗਣ ਮੰਡੀ ਵਿੱਚ 10900 ਕੁਇੰਟਲ, ਘੜਾਮ ਮੰਡੀ ਵਿੱਚ 38150 ਕੁਇੰਟਲ, ਮਗਰ ਸਾਹਿਬ ਮੰਡੀ ਵਿੱਚ 15750 ਕੁਇੰਟਲ ਅਤੇ ਖੇੜੀ ਰਨਵਾਂ ਮੰਡੀ ਵਿੱਚ 34450 ਕੁਇੰਟਲ ਝੋਨੇ ਦੀ ਫਸਲ ਪਹੁੰਚ ਚੁੱਕੀ ਹੈ।