ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜਨਵਰੀ
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਮੀਡੀਆ ਵਿਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ’ਤੇ ਨਜ਼ਰ ਰੱਖਣ ਲਈ ਕਾਰਜਸ਼ੀਲ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਇਸ਼ਤਿਹਾਰ ਜਾਰੀ ਕਰਨ ਤੋਂ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਿੰਟ ਮੀਡੀਆ (ਅਖ਼ਬਾਰਾਂ ਆਦਿ) ਵਿੱਚ ਪੋਲਿੰਗ ਵਾਲੇ ਦਿਨ ਅਤੇ ਇਕ ਦਿਨ ਪਹਿਲਾਂ ਜੋ ਇਸ਼ਤਿਹਾਰ ਦੇਣਾ ਹੈ, ਉਸ ਬਾਬਤ ਜ਼ਿਲ੍ਹਾ ਪੱਧਰੀ ਐੱਮਸੀਐੱਮਸੀ ਤੋਂ ਉਮੀਦਵਾਰ ਵੱਲੋਂ ਤਿੰਨ ਦਿਨ ਪਹਿਲਾਂ ਪ੍ਰੀ-ਸਰਟੀਫਿਕੇਸ਼ਨ ਲੈਣੀ ਚਾਹੀਦੀ ਹੈ। ਉਮੀਦਵਾਰ ਵੱਲੋਂ ਇਲੈਕਟ੍ਰਾਨਿਕ ਮੀਡੀਆ ਭਾਵ ਚੈਨਲ, ਰੇਡੀਓ, ਈ-ਪੇਪਰ ਆਦਿ ’ਤੇ ਇਸ਼ਤਿਹਾਰਬਾਜ਼ੀ ਲਈ ਵੀ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ। ਇਸ ਬਾਬਤ ਉਮੀਦਵਾਰ ਵੱਲੋਂ ਇਸ਼ਤਿਹਾਰ ਪ੍ਰਸਾਰਿਤ ਕਰਨ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਐੱਮਸੀਐੱਮਸੀ ਤੋਂ ਪ੍ਰਵਾਨਗੀ ਲਈ ਜਾਵੇਗੀ।
ਨੋਟਿਸ ਦਾ 48 ਘੰਟਿਆਂ ’ਚ ਜਵਾਬ ਲਾਜ਼ਮੀ
ਜੇ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਜਾਂ ਪਾਰਟੀ ਨੂੰ ਇਸ਼ਤਿਹਾਰਬਾਜ਼ੀ, ਸ਼ੱਕੀ ਪੇਡ ਨਿਊਜ਼ ਆਦਿ ਦੇ ਸਬੰਧ ਵਿਚ ਕੋਈ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦਾ ਜਵਾਬ 48 ਘੰਟਿਆਂ ਅੰਦਰ ਦੇਣਾ ਲਾਜ਼ਮੀ ਹੈ। ਅਜਿਹਾ ਨਾ ਹੋਣ ’ਤੇ ਜ਼ਿਲ੍ਹਾ ਪੱਧਰੀ ਐੱਮਸੀਐੱਮਸੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਵੇਗਾ।