ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਹੋਰਾਣਾ ’ਚ ਚੱਲ ਰਿਹਾ ਲਗਾਤਾਰ ਅੱਜ 63ਵੇਂ ਦਿਨ ’ਚ ਦਾਖ਼ਲ ਹੋ ਗਿਆ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਹਿਊਮਨ ਰਾਈਟਸ ਪੰਜਾਬ ਦੇ ਚੀਫ਼ ਐਡਵਾਈਜ਼ਰ ਤੇ ਉਦਾਸੀਨ ਸੰਪਰਦਾਇ ਇਮਾਮਗੜ੍ਹ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਕੇਂਦਰ ਦੀਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਇਹ ਨਵੇਂ ਕਾਨੂੰਨ ਸਮੁੱਚੀ ਕਿਸਾਨੀ ਦੇ ਵਿਰੁੱਧ ਹਨ, ਜੋ ਭਾਰਤ ਦੀ ਖੇਤੀਬਾੜੀ ਅਰਥ ਵਿਵਸਥਾ ਨੂੰ ਤਹਿਸ-ਨਹਿਸ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਦੇ ਹੋਣ ਕਾਰਨ ਇਨ੍ਹਾਂ ਕਾਨੂੰਨਾਂ ਨੂੰ ਮੁਲਕ ਦੇ ਕਿਸਾਨ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਣਗੇ। ਮੋਦੀ ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਵਿੱਚ ਵਾਪਸ ਹੀ ਲੈਣੇ ਪੈਣਗੇ। ਉਨ੍ਹਾਂ ਝੂਠ ਵਿਰੁੱਧ ਲੜੀ ਜਾਂਦੀ ਲੜਾਈ ਦੀ ਹਮੇਸ਼ਾ ਜਿੱਤ ਹੁੰਦੀ ਆਈ ਹੈ, ਜਿੱਤ ਹੁੰਦੀ ਰਹੇਗੀ ਤੇ ਹੁਣ ਵੀ ਜਿੱਤ ਹੀ ਹੋਵੇਗੀ।