ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਸਿਟੀ ਪਾਰਕ ਸੰਗਰੂਰ ਵਿਖੇ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਭਾ ਦਾ 6ਵਾਂ ਸਾਲਾਨਾ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਪ੍ਰਸਤੀ ਹੇਠ 22 ਨਵੰਬਰ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਕਰਨਗੇ। ਸਭਾ ਵੱਲੋਂ ਦਿੱਤਾ ਜਾਣ ਵਾਲਾ ਗਲਪ ਪੁਰਸਕਾਰ ਇਸ ਵਾਰ ਤੋਂ ਕਹਾਣੀਕਾਰ ਗੁਰਮੇਲ ਮਡਾਹੜ ਦੇ ਨਾਂ ’ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਭਾ ਵੱਲੋਂ ਦਿੱਤੇ ਜਾਣ ਵਾਲੇ ਤਿੰਨ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਵਾਂ ਦੀ ਹੋਈ ਚੋਣ ਮੁਤਾਬਕ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਡਾ. ਸੁਰਜੀਤ ਬਰਾੜ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਗੁਰਮੇਲ ਮਡਾਹੜ ਗਲਪ ਪੁਰਸਕਾਰ ਅਤਰਜੀਤ ਕਹਾਣੀਕਾਰ ਨੂੰ ਅਤੇ ਮਹਿੰਦਰ ਮਾਨਵ ਕਵਿਤਾ ਪੁਰਸਕਾਰ ਪਾਲੀ ਖ਼ਾਦਿਮ ਨੂੰ ਦਿੱਤਾ ਜਾਵੇਗਾ।