ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 15 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਉਨ੍ਹਾਂ ਸੰਸਾਰ ਪੱਧਰੀ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ, ਜਿਹੜੀਆਂ ਜਥੇਬੰਦੀਆਂ ਮਨੁੱਖ ਦੀ ਕਿਰਤ ਨੂੰ ਖਾ ਰਹੀਆਂ ਹਨ। ਇੱਥੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿੱਚ ਜਥੇਬੰਦੀ ਦੀ ਹੋਈ ਇੱਕ ਮੀਟਿੰਗ ’ਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਮੌਕਾਪ੍ਰਸਤ ਹਾਕਮ ਜਮਾਤੀ ਪਾਰਟੀਆਂ ਆਪਣੇ ਨਿੱਜੀ ਮੁਫਾਦਾਂ ਲਈ ਕਿਰਤੀ ਲੋਕਾਂ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ ਦੇ ਗੱਫੇ ਵਰਤਾ ਰਹੀਆਂ ਹਨ, ਜਦਕਿ ਆਪਣਾ ਦੂਜਾ ਹੱਥ ਸੰਸਾਰ ਪੱਧਰੀ ਕਿਰਤੀਆਂ ਦੀ ਲੁੱਟ ਕਰਦੇ ਵਪਾਰੀਆਂ ਨਾਲ ਮਿਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਅਜਿਹੇ ਸੰਸਾਰ ਪੱਧਰੀ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਆਰੰਭ ਲਿਆ ਜਾਵੇ, ਜਿਹੜੀਆਂ ਮਨੁੱਖ ਦੀ ਕਿਰਤ ਨੂੰ ਹੜੱਪ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣਾ ਹੀ ਕਿਰਤੀ ਦੀ ਸਮੱਸਿਆ ਦਾ ਹੱਲ ਨਹੀਂ ਸਗੋਂ ਕਿਸਾਨ ਕਿਰਤੀਆਂ ਦੀ ਸਮੱਸਿਆ ਦਾ ਹੱਲ ਸੰਘਰਸ਼ ਹੈ।