ਪੱਤਰ ਪ੍ਰੇਰਕ
ਸ਼ੇਰਪੁਰ, 24 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਹੇੜੀਕੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ’ਤੇ 25 ਅਗਸਤ ਨੂੰ ਕਬਜ਼ਾ ਕਰਨ ਦੇ ਕੀਤੇ ਐਲਾਨ ਸਬੰਧੀ ਬਾਅਦ ਦੁਪਹਿਰ ਜਥੇਬੰਦੀ ਨੇ ਕਿਹਾ ਕਿ ਜ਼ਮੀਨ ਵਿੱਚ ਸੂਹਾ ਝੰਡਾ ਚੜ੍ਹਾਏ ਜਾਣ ਦੇ ਫ਼ੈਸਲੇ ਨੂੰ ਹਰ ਹਾਲਤ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਦੱਸਣਯੋਗ ਹੈ ਕਿ ਇਸ ਮਸਲੇ ਦੇ ਠੋਸ ਹੱਲ ਲਈ 23 ਅਗਸਤ ਨੂੰ ਐੱਸਡੀਐੱਮ ਧੂਰੀ ਅਮਿਤ ਗੁਪਤਾ, ਪੁਲੀਸ ਦੀ ਤਰਫ਼ੋਂ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਅਤੇ ਡੀਐੱਸਪੀ ਯੋਗੇਸ਼ ਸ਼ਰਮਾ ਦੀ ਜ਼ੈੱਡਪੀਐਸਸੀ ਆਗੂਆਂ ਨਾਲ ਹੋਈ ਆਖ਼ਰੀ ਮੀਟਿੰਗ ਵਿੱਚ ਗੱਲਬਾਤ ਟੁੱਟ ਗਈ ਸੀ ਜਿਸ ਮਗਰੋਂ ਅੱਜ ਦੁਬਾਰਾ ਕੋਈ ਗੱਲਬਾਤ ਨਹੀਂ ਹੋਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨ ਆਗੂ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਸ਼ਾਸਨ ਨੇ 25 ਅਗਸਤ ਦਾ ਪ੍ਰੋਗਰਾਮ ਰੱਦ ਕਰਨ ਲਈ ਮੀਟਿੰਗਾਂ ਕਰਕੇ ਪ੍ਰਸ਼ਾਸਨ ਵਾਰ-ਵਾਰ ਪ੍ਰੋਗਰਾਮ ਮੁਲਤਵੀ ਕਰਨ ਲਈ ਪੇਸ਼ਕਸ਼ਾਂ ਕਰ ਰਿਹਾ ਹੈ ਪਰ ਇਸ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ’ਤੇ ਪ੍ਰਸ਼ਾਸਨ ਵਾਰ-ਵਰ ਮੁੱਕਰਿਆ ਜਿਸ ਕਰਕੇ ਹੁਣ ਫੋਕੀਆਂ ਤਸੱਲੀਆਂ ਨਾਲ ਸੰਘਰਸ਼ ਨੂੰ ਵਾਪਸ ਨਹੀਂ ਲਿਆ ਜਾ ਸਕਦਾ। ਬੀਬੀ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ 25 ਅਗਸਤ ਨੂੰ ਹਰ ਹਾਲਤ ਹੇੜੀਕੇ ਦੀ ਜ਼ਮੀਨ ’ਤੇ ਝੰਡਾ ਚੜ੍ਹਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਮਜ਼ਦੂਰ ਹੇੜੀਕੇ ਦੀ ਅਨਾਜ ਮੰਡੀ ਵਿੱਚ ਇਕੱਤਰ ਹੋਣਗੇ।