ਬੀਰਬਲ ਰਿਸ਼ੀ
ਸ਼ੇਰਪੁਰ, 8 ਜੁਲਾਈ
ਬਲਾਕ ਸ਼ੇਰਪੁਰ ਦੇ ਚਾਰ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਦੇ ਰਾਖਵੇਂ ਕੋਟੇ ਦੀਆਂ ਰੁਕੀਆਂ ਬੋਲੀਆਂ ਦੇ ਰੇੜਕੇ ਸਬੰਧੀ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਐੱਸਡੀਐਮ ਅਮਿਤ ਗੁਪਤਾ ਨਾਲ ਮੀਟਿੰਗ ਕੀਤੀ। ਇਸ ਵਿੱਚ ਮਜ਼ਦੂਰਾਂ ਨੇ ਆਪਣੀਆਂ ਦਰਪੇਸ਼ ਸਮੱਸਿਆਵਾਂ ਖੁੱਲ੍ਹ ਕੇ ਦੱਸੀਆਂ ਜਦੋਂਕਿ 13 ਮਜ਼ਦੂਰਾਂ ’ਤੇ ਦਰਜ ਇਰਾਦਾ ਕਤਲ ਦੇ ਪਰਚੇ ਨੂੰ ਝੂਠਾ ਕਰਾਰ ਦਿੰਦਿਆਂ ਰੱਦ ਕੀਤੇ ਜਾਣ ਸਬੰਧੀ ਡੀਐੱਸਪੀ ਯੋਗੇਸ਼ ਸ਼ਰਮਾ ਨਾਲ ਵੱਖਰੇ ਤੌਰ ’ਤੇ ਮੀਟਿੰਗ ਕੀਤੀ। ਯਾਦ ਰਹੇ ਕਿ ਬੀਤੀ ਕੱਲ ਬੀਡੀਪੀਓ ਦਫ਼ਤਰ ਦੀ ਤਾਲਾਬੰਦੀ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਜ਼ਦੂਰਾਂ ਦੀ ਮੀਟਿੰਗ ਤੈਅ ਹੋਈ ਸੀ।
ਜ਼ੈੱਡਪੀਐੱਸਸੀ ਦੀ ਜ਼ੋਨ ਆਗੂ ਬੀਬੀ ਪਰਮਜੀਤ ਕੌਰ ਲੌਂਗੋਵਾਲ, ਜ਼ਿਲ੍ਹਾ ਆਗੂ ਬਿੱਕਰ ਹਥੋਆ ਅਤੇ ਬਲਾਕ ਆਗੂ ਜਸਵੰਤ ਸਿੰਘ ਖੇੜੀ ਨੇ ਸਾਂਝੇ ਤੌਰ ’ਤੇ ਮੀਟਿੰਗਾਂ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਐੱਸਡੀਐੱਮ ਧੂਰੀ ਸ੍ਰੀ ਗੁਪਤਾ ਨੇ 12 ਜੁਲਾਈ ਨੂੰ ਹੇੜੀਕੇ ਤੇ ਗੰਡੇਵਾਲ, ਜਦੋਂਕਿ 13 ਜੁਲਾਈ ਨੂੰ ਕੁੰਭੜਵਾਲ ਤੇ ਈਨਾਬਾਜਵਾ ਵਿੱਚ ਬੋਲੀਆਂ ਕਰਵਾਏ ਜਾਣ ਦੀਆਂ ਤਰੀਕਾਂ ਐਲਾਨੀਆਂ। ਮੀਟਿੰਗ ਵਿੱਚ ਇਸ ਫੈਸਲੇ ’ਤੇ ਵੀ ਸਹਿਮਤੀ ਬਣੀ ਕਿ ਸਾਰੀਆਂ ਬੋਲੀਆਂ ਰਵਿਦਾਸੀਆਂ ਧਰਮਸ਼ਾਲਾਵਾਂ ਵਿੱਚ ਹੋਣਗੀਆਂ, ਬੋਲੀ 20 ਹਜ਼ਾਰ ਰੁਪਏ ਏਕੜ ਤੋਂ ਸ਼ੁਰੂ ਹੋਵੇਗੀ, ਈਨਾਬਾਜਵਾ ਵਿੱਚ ਪੰਚਾਇਤ ਜ਼ਮੀਨ ਨੂੰ ਰਸਤੇ ਕਢਵਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਅਤੇ ਸਾਰੀਆਂ ਬੋਲੀਆਂ ਦੌਰਾਨ ਨਾਇਬ ਤਹਿਸ਼ੀਲਦਾਰ ਖਾਸ਼ ਤੌਰ ਹਾਜ਼ਰ ਰਹਿਣਗੇ। ਐੱਸਡੀਐਮ ਧੂਰੀ ਅਮਿਤ ਗੁਪਤਾ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕੀਤੀਆਂ ਜਾਣਗੀਆਂ ਜਿਸ ਲਈ ਮਜ਼ਦੂਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਡੀਐੱਸਪੀ ਯੋਗੇਸ਼ ਸ਼ਰਮਾ ਨੇ ਕਿਹਾ ਕਿ ਇਰਾਦਾ ਕਤਲ ਕੇਸਾਂ ਸਬੰਧੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ।