ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਪਰੈਲ
ਇਨਕਲਾਬ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਕਰਕੇ ਅਧਿਆਪਕਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਐਕਸ਼ਨ ਦਾ ਏਜੰਡਾ ਜਾਰੀ ਕਰਦੇ ਹੋਏ ਮਾਸਟਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪਹਿਲਾਂ ਸਰਕਾਰ ਦੀ ਨਲਾਇਕੀ ਕਾਰਨ ਬਜਟ ਨਹੀਂ ਆਇਆ। ਜਦੋਂ ਬਜਟ ਆਇਆ ਤਾਂ ਬੀਪੀਈਓ ਦਫਤਰ ਲਹਿਰਾਗਾਗਾ ਦੀ ਲਾਪ੍ਰਵਾਹੀ ਕਾਰਨ ਬਜਟ ਵਾਪਸ ਚਲਾ ਗਿਆ। ਇਸ ਸਬੰਧੀ ਪਿਛਲੇ ਦਿਨੀਂ ਅਧਿਆਪਕਾਂ ਵੱਲੋਂ ਦਿੱਤੇ ਧਰਨੇ ਮਗਰੋਂ ਬੀਪੀਈਓ ਨੇ ਦੋ ਦਿਨਾਂ ’ਚ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਤਨਖਾਹਾਂ ਜਾਰੀ ਨਹੀਂ ਹੋਈਆਂ ਜਿਸ ਕਰਕੇ ਅਧਿਆਪਕਾਂ ਨੇ ਬੀਪੀਈਓ ਦਫ਼ਤਰ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਤਨਖਾਹਾਂ ਖਾਤਿਆਂ ’ਚ ਪੈਣ ਤਕ ਲਗਾਤਾਰ ਰੋਸ ਧਰਨੇ ਦਾ ਐਲਾਨ ਵੀ ਕੀਤਾ। ਮੀਟਿੰਗ ਵਿੱਚ ਗੁਰਪ੍ਰੀਤ ਪਿਸ਼ੌਰ, ਗੁਰਮੀਤ ਸੇਖੂਵਾਸ ,ਸਰਬਜੀਤ ਕਿਸ਼ਨਗੜ੍ਹ , ਭੀਮ ਸਿੰਘ, ਫਿਰੋਜ਼ ਖਾਨ, ਸੁਖਚੈਨ ਸਿੰਘ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ ,ਕਿਰਨਪਾਲ ਗੁਰਤੇਜ ਸਿੰਘ, ਜਸਪਾਲ ਸਿੰਘ ਕਰਮਦੀਨ ਖ਼ਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।