ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਪਰੈਲ
ਮੌਸਮ ਦੇ ਬਿਗੜੇ ਮਿਜ਼ਾਜ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਅੱਜ ਹੋਈ ਬਾਰਸ਼ ਕਾਰਨ ਅਨਾਜ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਕੁਦਰਤੀ ਮਾਰ ਦਾ ਡਰ ਸਤਾ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ 141958 ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 83861 ਟਨ ਕਣਕ ਦੀ ਖਰੀਦ ਹੋਈ ਹੈ। ਅੱਜ ਪਏ ਮੀਂਹ ਦੌਰਾਨ ਅਨਾਜ ਮੰਡੀਆਂ ਵਿੱਚ ਵੇਚਣ ਲਈ ਕਣਕ ਦੀ ਫਸਲ ਲੈ ਕੇ ਬੈਠੇ ਕਿਸਾਨ ਆਪਣੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਭੱਜ ਨੱਠ ਕਰਦੇ ਦੇਖੇ ਗਏ। ਅੱਜ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬੱਦਲਵਾਈ ਤੇ ਪਏ ਮੀਂਹ ਕਾਰਨ ਕਣਕ ਦੀ ਵਾਢੀ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ।
ਅੱਜ ਬੱਦਲਵਾਈ ਅਤੇ ਮੀਂਹ ਦੌਰਾਨ ਅਨਾਜ ਮੰਡੀਆਂ ’ਚ ਕਿਸਾਨ ਆਪਣੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਯਤਨ ਕਰ ਰਹੇ ਸਨ। ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਆਪਣੀ ਖੂਨ ਪਸੀਨੇ ਦੀ ਕਮਾਈ ਅਜਾਈਂ ਜਾਣ ਦਾ ਡਰ ਵੀ ਸਤਾ ਰਿਹਾ ਹੈ। ਸਥਾਨਕ ਅਨਾਜ ਮੰਡੀ ਵਿੱਚ ਜਿਥੇ ਖਰੀਦ ਹੋਈ ਕਣਕ ਦੀਆਂ ਬੋਰੀਆਂ ਵੀ ਮੀਂਹ ’ਚ ਖੁੱਲ੍ਹੇ ਅਸਮਾਨ ਹੇਠ ਭਿੱਜ ਰਹੀਆਂ ਸਨ ਅਤੇ ਬੋਰੀਆਂ ਹੇਠਾਂ ਮੀਂਹ ਦਾ ਪਾਣੀ ਫਿਰ ਰਿਹਾ ਸੀ। ਪਿੰਡ ਬਡਰੁੱਖਾਂ ਦੇ ਕਿਸਾਨ ਇੰਦਰਪਾਲ ਸਿੰਘ ਕਹਿਣਾ ਹੈ ਕਿ ਹੁਣ ਜਦੋਂ ਕਣਕ ਦੀ ਵਾਢੀ ਦਾ ਕੰਮ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਚੁੱਕਿਆ ਹੈ ਅਤੇ ਕਣਕ ਦੀ ਅਨਾਜ ਮੰਡੀਆਂ ਵਿਚ ਆਮਦ ਹੋ ਰਹੀ ਹੈ ਤਾਂ ਖਰਾਬ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਉਧਰ ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ 141958 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 83861 ਟਨ ਕਣਕ ਦੀ ਖਰੀਦ ਹੋਈ ਹੈ। ਹੁਣ ਤੱਕ ਖਰੀਦ ਹੋਈ ਕਣਕ ਵਿੱਚੋਂ 20902 ਟਨ ਦੀ ਲਿਫਟਿੰਗ ਹੋਈ ਹੈ ਜਦੋਂ ਕਿ 62959 ਮੀਟਰਕ ਟਨ ਕਣਕ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਹੈ। ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਕੁਝ ਥਾਵਾਂ ’ਤੇ ਹੀ ਹਲਕੀ ਬਾਰਸ਼ ਹੋਈ ਹੈ ਜਿਸ ਨਾਲ ਅਨਾਜ਼ ਮੰਡੀਆਂ ’ਚ ਕੋਈ ਨੁਕਸਾਨ ਨਹੀਂ ਹੈ।
ਫਸਲਾਂ ਦੀ ਸੰਭਾਲ਼ ਕਰਨ ’ਚ ਫੇਲ੍ਹ ਸਾਬਤ ਹੋਈ ‘ਆਪ’ ਸਰਕਾਰ: ਸ਼ਰਮਾ
ਪਟਿਆਲਾ (ਖੇਤਰੀ ਪ੍ਰਤੀਨਿਧ): ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਇੱਥੇ ਕਿਹਾ ਕਿ ਆਮ ਲੋਕਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਦਮਗਜ਼ੇ ਮਾਰਨ ਵਾਲੀ ‘ਆਪ’ ਸਰਕਰ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੀ ਸਾਂਭ ਸੰਭਾਲ਼ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਪਿਛਲੇ ਸਮੇਂ ਦੌਰਾਨ ਵਾਰ ਵਾਰ ਮੀਂਹ, ਗੜੇਮਾਰੀ, ,ਝੱਖੜ ਅਤੇ ਹੜਾਂ ਦੀ ਮਾਰ ਹੇਠਾਂ ਆਈਆਂ ਫਸਲਾਂ ਪ੍ਰਤੀ ਮੁਆਵਜ਼ਾ ਨਹੀਂ ਦਿੱਤਾ ਜਦਕਿ ਹੁਣ ਪੱਕ ਚੁੱਕੀ ਹਾੜ੍ਹੀ ਦੀ ਮੁੱਖ ਫਸਲ ਦੀ ਸੰਭਾਲ਼ ਕਰਨ ’ਚ ਵੀ ਇਹ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਮੌਸਮ ਖਰਾਬ ਹੋਵੇਗਾ। ਇੱਥੋਂ ਤੱਕ ਕਿ ਮੌਸਮ ਵਿਭਾਗ ਵੱਲੋਂ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ।