ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਦਸੰਬਰ
ਇੱਥੇ ਕੁਝ ਨਾਰਾਜ਼ ਕਾਂਗਰਸੀ ਆਗੂਆਂ ਵੱਲੋਂ ਬੀਤੇ ਕੱਲ੍ਹ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ਼ ਨਾਅਰੇਬਾਜ਼ੀ ਕਰਨ ’ਤੇ ਪਲਟਵਾਰ ਕਰਦਿਆਂ ਭਵਾਨੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਅਹੁਦੇਦਾਰਾਂ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਲੋਕ ਆਪਣੇ ਨਿੱਜੀ ਮੁਫ਼ਾਦਾਂ ਲਈ ਪਾਰਟੀ ‘ਚ ਹੀ ਰਹਿ ਕੇ ਕਾਂਗਰਸ ਦਾ ਨੁਕਸਾਨ ਕਰਨ ’ਤੇ ਉਤਾਰੂ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਪੰਨਵਾਂ, ਬਲਵਿੰਦਰ ਸਿੰਘ ਪੂਨੀਆ ਅਤੇ ਮਹੇਸ਼ ਵਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਵਿਜੈਇੰਦਰ ਸਿੰਗਲਾ ਨੇ ਵੀ ਹਮੇਸ਼ਾ ਪਾਰਟੀ ਦੀਆਂ ਨੀਤੀਆਂ ਸਹੀ ਢੰਗ ਨਾਲ ਲਾਗੂ ਕਰਨ ਲਈ ਹੀ ਕੰਮ ਕੀਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਤੇ ਪਾਰਟੀ ਦੇ ਵਫ਼ਾਦਾਰਾਂ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਕਪਿਲ ਗਰਗ ਤੇ ਵਿਪਨ ਸ਼ਰਮਾ ਨੇ ਪਾਰਟੀ ਤੋਂ ਪੀਆਰਟੀਸੀ ਦੇ ਡਾਇਰੈਕਟਰ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਵਰਗੇ ਅਹੁਦੇ ਤਾਂ ਪ੍ਰਾਪਤ ਕਰ ਲਏ, ਪਰ ਵਫ਼ਾਦਾਰੀ ਸਾਬਤ ਕਰਨ ਮੌਕੇ ਪਾਰਟੀ ਨੂੰ ਪਿੱਠ ਵਿਖਾ ਕੇ ਵਿਰੋਧੀ ਵੱਲੋਂ ਲਿਆਂਦੇ ਜਾਣ ਦੇ ਸੰਭਾਵੀ ਉਮੀਦਵਾਰਾਂ ਨਾਲ ਹੱਥ ਮਿਲਾ ਲਿਆ।