ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੰਗ ਦਿਵਸ ਮੌਕੇ ਰੋਸ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਉਭਾਰਦਿਆਂ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਐੱਸਡੀਐੱਮ ਨੂੰ ਸੌਂਪੇ ਗਏ।
ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਬਿੰਝੋਕੀ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਮੰਗ ਦਿਵਸ ਮੌਕੇ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਝੋਕੇ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੰਨ 1975 ਤੋਂ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਸਕੀਮ ਤਹਿਤ ਬੱਚਿਆਂ ਵਿੱਚ ਫੈਲੇ ਕੁਪੋਸ਼ਣ ਦੀ ਸਭ ਤੋਂ ਵੱਡੀ ਚੁਣੌਤੀ ਨਾਲ ਲੜਦਿਆਂ ਹੋਏ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਨਾਲ ਆਂਗਣਵਾੜੀ ਕੇਂਦਰ ਬੰਦ ਹੋ ਜਾਣਗੇ ਅਤੇ ਪ੍ਰੀ-ਸਕੂਲ ਦਾ ਨਿੱਜੀਕਰਨ ਕਰੇਗਾ। ਇਨ੍ਹਾਂ ਸਾਰੇ ਹਮਲਿਆਂ ਨੂੰ ਮੁੱਖ ਰੱਖਦਿਆਂ ਪੂਰੇ ਭਾਰਤ ਵਿੱਚ ਅੱਜ ਮੰਗ ਦਿਹਾੜਾ ਮਨਾਇਆ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਆਈ.ਸੀ.ਡੀ.ਐੱਸ. ਨੂੰ ਬਚਾਉਣ ਲਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ 26 ਜੁਲਾਈ ਤੋਂ 29 ਜੁਲਾਈ ਤੱਕ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ਨੂੰ ਸਰਜਵੰਤ ਕੌਰ ਲਹਿਰਾ, ਪ੍ਰਕਾਸ਼ ਅਨੰਦਾਨਾ, ਹਰਮਿੰਦਰ ਕੌਰ ਧੂਰੀ, ਸਰਬਜੀਤ ਕੌਰ ਸੰਗਰੂਰ, ਜਸਵਿੰਦਰ ਨੀਲੋਵਾਲ ਤੇ ਦਲਜੀਤ ਕੌਰ ਮਾਂਝੀ ਆਦਿ ਨੇ ਸੰਬੋਧਨ ਕੀਤਾ।