ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਾਰਚ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਸੂਬਾ ਪੱਧਰੀ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪੱਕੇ ਮੋਰਚੇ ’ਤੇ ਡਟੀਆਂ ਰਹਿਣਗੀਆਂ। ਅੱਜ ਪੱਕੇ ਮੋਰਚੇ ਦੇ ਦੂਜੇ ਦਿਨ ਬਲਾਕ ਮਲੇਰਕੋਟਲਾ ਦੀਆਂ ਵਰਕਰਾਂ ਨੇ ਬਲਾਕ ਪ੍ਰਧਾਨ ਰੁਪਿੰਦਰ ਕੌਰ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀੇ। ਇਸ ਮੌਕੇ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਹੈਲਪਰ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 2017 ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਨਾਲ ਆਈ.ਸੀ.ਡੀ.ਐਸ ਸਕੀਮ ਨੂੰ ਖਾਤਮੇ ਵੱਲ ਧੱਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੜ ਆਂਗਣਵਾੜੀਆਂ ਦੀਆਂ ਰੌਣਕਾਂ ਬਣਾਉਣ ਲਈ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ’ਤੇ ਪੱਕਾ ਮੋਰਚਾ ਲਾਇਆ ਗਿਆ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਸਾਂਝਾ ਫੈਸਲਾ 27/11/2017 ਨੂੰ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਨਿਚਲੇ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ। 15 ਅਕਤੂਬਰ ਦੀ ਯੂਨੀਅਨ ਨੁਮਾਇੰਦਿਆਂ ਤੇ ਸਿੱਖਿਆ ਮੰਤਰੀ ਵਿਚਾਲੇ ਹੋਈ ਬੈਠਕ ’ਚ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪਰ ਪੰਜ ਮਹੀਨੇ ਬੀਤਨ ਦੇ ਬਾਅਦ ਜਿਉਂ ਦੇ ਤਿਉਂ ਹਨ। ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰਾਂ/ਹੈਲਪਰਾਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ 1/10/2018 ਨੂੰ ਲਾਗੂ ਕੇਂਦਰ ਸਰਕਾਰ ਦੁਆਰਾ ਵਧਾਏ ਮਾਨਭੱਤੇ ’ਚੋਂ 40% ਕਟੌਤੀ ਨੂੰ ਖਤਮ ਕਰਦੇ ਹੋਏ ਆਂਗਨਵਾੜੀ ਵਰਕਰ ਦੇ 600 ਮਿੰਨੀ ਵਰਕਰ 500 ਹੈਲਪਰ ਦੇ 300 ਰੁਪਏ ਤੁਰੰਤ ਬਕਾਏ ਸਮੇਤ ਲਾਗੂ ਕੀਤੇ ਜਾਣ, ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ’ਚ ਯਕੀਨੀ ਬਣਾਇਆ ਜਾਵੇ! ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਪਿਛਲੇ ਦੋ ਸਾਲਾਂ ਤੋਂ ਬਕਾਇਆ ਪਏ ਆਂਗਨਵਾੜੀ ਬਿਲਡਿੰਗਾਂ ਦੇ ਕਿਰਾਏ ਤੁਰੰਤ ਜਾਰੀ ਕੀਤੇ ਜਾਣ।