ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਇੱਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ 118 ਦਿਨਾਂ ਤੋਂ ਜਾਰੀ ਹੈ ਪਰੰਤੂ ਅਜੇ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ। ਪੱਕੇ ਮੋਰਚੇ ਦੌਰਾਨ ਰੋਸ ਪ੍ਰਦਰਸ਼ਨ ਕਰਦਿਆਂ ਯੂਨੀਅਨ ਨੇ 12 ਜੁਲਾਈ ਨੂੰ ਬਲਾਕ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ ਅਤੇ 15 ਜੁਲਾਈ ਨੂੰ ਸੰਗਰੂਰ ’ਚ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੀਟਿੰਗ ’ਚ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਨਵਾੜੀ ਵਰਕਰਜ਼ ਤੇ ਹੈਲਪਰ ਦੇ ਪ੍ਰਧਾਨ ਊਸ਼ਾ ਰਾਣੀ ਅਤੇ ਜਨਰਲ ਸਕੱਤਰ ਏ.ਆਰ.ਸਿੰਧੂ ਉਚੇਚੇ ਤੌਰ ’ਤੇ ਸ਼ਮੂਲੀਅਤ ਕਰਨਗੇ। ਅੱਜ ਪੱਕੇ ਮੋਰਚੇ ਦੀ ਅਗਵਾਈ ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਸਕੱਤਰ ਮਨਦੀਪ ਕੁਮਾਰੀ, ਰਮਨਦੀਪ ਸਮਾਣਾ, ਸੁਨੀਤਾ ਪਾਤੜਾਂ ਅਤੇ ਇੰਦਰਜੀਤ ਕੌਰ ਦੁੱਗਾਂ ਵਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚੋਂ 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਦਾਖ਼ਲ ਕਰਾਉਣ ਦੀ ਮੰਗ ਨੂੰ ਲੈ ਕੇ 17 ਮਾਰਚ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਵਰਕਰਾਂ ਡਟੀਆਂ ਹੋਈਆਂ ਹਨ ਪਰੰਤੂ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ 12 ਜੁਲਾਈ ਨੂੰ ਬਲਾਕ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 15 ਜੁਲਾਈ ਨੂੰ ਸੰਗਰੂਰ ’ਚ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।