ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 46ਵੇਂ ਦਿਨ ਜਿਥੇ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਉਥੇ ਮਈ ਦਿਹਾੜੇ ਮੌਕੇ ਸ਼ਿਕਾਗੋ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅੱਜ ਪੱਕੇ ਮੋਰਚੇ ’ਚ ਬਲਾਕ ਸੁਧਾਰ ਦੀਆਂ ਵਰਕਰਾਂ ਤੇ ਹੈਲਪਰਾਂ ਸ਼ਾਮਲ ਹੋਈਆਂ। ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਗੁਰਮੇਲ ਕੌਰ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਸਨਮਾਨ ਨਾਲ ਅੱਠ ਘੰਟੇ ਕੰਮ ਦਾ ਅਧਿਕਾਰ ਦਿਵਾਇਆ। ਉਨ੍ਹਾਂ ਮਈ ਦੇ ਮਹਾਨ ਦਿਹਾੜੇ ਉੱਤੇ ਪ੍ਰਣ ਕੀਤਾ ਕਿ ਸਰਕਾਰ ਦੀਆਂ ਜਨਤਕ ਵਿਰੋਧੀ ਨੀਤੀਆਂ ਖਿਲਾਫ ਡੱਟ ਕੇ ਸੰਘਰਸ਼ ਵਿੱਢਾਂਗੇ ਅਤੇ ਸੰਵਿਧਾਨ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਾਂਗੇ। ਉਨ੍ਹਾਂ ਮੰਗ ਕੀਤੀ ਕਿ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰਾਂ ਵਿਚ ਯਕੀਨੀ ਬਣਾਇਆ ਜਾਵੇ, ਮਾਣ ਭੱਤੇ ਵਿਚ ਕੀਤੀ ਕਟੌਤੀ ਬਹਾਲ ਕਰਕੇ ਬਕਾਇਆ ਦਿੱਤਾ ਜਾਵੇ।