ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਸਤੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੇਂਦਰ ਸਰਕਾਰ ’ਤੇ ਪੋਸ਼ਣ ਅਭਿਆਨ-2 ਅਤੇ ਪੋਸ਼ਣ ਟ੍ਰੈਕ ਦੇ ਨਾਂ ’ਤੇ ਬੱਚਿਆਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਨ ਦਾ ਦੋਸ਼ ਲਾਇਆ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰ ਕੇ ਪੋਸ਼ਣ ਅਭਿਆਨ ਲਈ ਤੈਅ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ, ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ, ਜਨਰਲ ਸਕੱਤਰ ਸਿੰਦਰ ਕੌਰ ਬੜੀ ਅਤੇ ਪ੍ਰੈਸ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੇ ਆਪਣੇ ਕੇਂਦਰਾਂ ਵਿਚ ਕਮਿਊਨਿਟੀ ਬੇਸਡ ਪ੍ਰੋਗਰਾਮ ਮਹੀਨੇ ਵਿੱਚ ਦੋ ਵਾਰ ਮਨਾਇਆ ਜਾਂਦਾ ਹੈ। ਹੁਣ ਫਿਰ ਪਹਿਲੀ ਤੋਂ 30 ਸਤੰਬਰ ਤੱਕ ਪੋਸ਼ਣ ਮਹੀਨਾ ਮਨਾਇਆ ਜਾਣ ਬਾਰੇ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨੇ ਬਿਆਨ ਦਿੱਤੇ ਪਰ ਹੇਠਲੇ ਪੱਧਰ ’ਤੇ ਕੋਈ ਵੀ ਬਜਟ ਜਾਰੀ ਨਹੀਂ ਕੀਤਾ ਗਿਆ। ਸਿਰਫ਼ ਗੱਲ੍ਹੀਂ ਬਾਤੀਂ ਕੁਪੇਸ਼ਣ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਖ਼ਰੀਦਣ ਲਈ ਕੇਂਦਰ ਸਰਕਾਰ ਵੱਲੋਂ ਆਇਆ ਪੈਸਾ ਅਜੇ ਤਕ ਨਹੀਂ ਖ਼ਰਚਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਸੋਸ਼ਣ ਬੰਦ ਕਰ ਕੇ ਬਜਟ ਤੁਰੰਤ ਜਾਰੀ ਕੀਤਾ ਜਾਵੇ।