ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਈ
ਪੰਜਾਬੀ ਸੱਭਿਆਚਾਰ ਤੇ ਗੀਤ ਸੰਗੀਤ ਨੂੰ ਨਿਵੇਕਲਾ ਹੁਲਾਰਾ ਦੇਣ ਲਈ ਜੇਐੱਲ ਪ੍ਰੋਡੱਕਸ਼ਨਜ਼ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੇ ਰੈਮਸੰਨਜ਼ ਹੋਟਲ ਵਿੱਚ ‘ਗਾਉਂਦਾ ਪੰਜਾਬ’ ਬੈਨਰ ਹੇਠ ਸੰਗੀਤਕ ਚਰਚਾ ਹੋਈ, ਜਿਸ ਵਿੱਚ ਗਾਇਕਾਂ, ਗੀਤਕਾਰਾਂ ਤੇ ਵੱਖ-ਵੱਖ ਕਲਾਵਾਂ ਨਾਲ ਸਬੰਧਤ ਕਲਾਕਾਰਾਂ ਨੇ ਹਿੱਸਾ ਲਿਆ। ਸੰਗੀਤ ਦੇ ਖੇਤਰ ਦੀ ਨਾਮਵਰ ਹਸਤੀ ਜਰਨੈਲ ਘੁਮਾਣ, ਇੰਦਰਜੀਤ ਸਾਹਨੀ, ਟੈਲੀਫਿਲਮਾਂ ਦੇ ਪੇਸ਼ਕਾਰ ਰਾਜੀਵ ਸੋਨੀ, ਗੁਰਮੀਤ ਸਿੰਘ ਜੌਹਲ ਤੇ ਗਾਇਕ ਸਿੰਗਾਰਾ ਚਹਿਲ ਸ਼ਾਮਲ ਹੋਏ।
ਜਰਨੈਲ ਘੁਮਾਣ ਨੇ ਕਿਹਾ ਕਿ ਪੰਜਾਬੀ ਸੰਗੀਤ ਨੇ ਕਈ ਦੌਰਾਂ ਦਾ ਸਫ਼ਰ ਤੈਅ ਕੀਤਾ ਹੈ। ਪੂਰੀ ਦੁਨੀਆਂ ਅੰਦਰ ਪੰਜਾਬੀ ਸੰਗੀਤ ਦਾ ਅਹਿਮ ਸਥਾਨ ਹੈ, ਪਰ ਪਿਛਲੇ ਸਮੇਂ ਤੋਂ ਨੌਜਵਾਨਾਂ ਅੰਦਰ ਮਾੜੇ ਹਾਲਾਤਾਂ, ਗੈਂਗਸਟਰ ਕਲਚਰ ਦੇ ਉਭਾਰ ’ਤੇ ਨਸ਼ਿਆਂ ਦਾ ਦੌਰ ਭਾਰੂ ਰਿਹਾ। ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਗਾਉਂਦਾ ਪੰਜਾਬ ਟੀਮ ਨਾਲ ਦਿਲ ਖੋਲ੍ਹ ਕੇ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ। ਇੰਦਰਜੀਤ ਸਾਹਨੀ ਨੇ ਕਿਹਾ ਕਿ ਪੰਜਾਬੀ ਵਿਰਸੇ ਤੇ ਸਹੀ ਸੱਭਿਆਚਾਰ ਨੂੰ ਪੇਸ਼ ਕਰਦੀ ਗਾਇਕੀ ਨੂੰ ਉਭਾਰਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਲੇਖਕ ਗੁਰਮੀਤ ਸਿੰਘ ਜੌਹਲ ਨੇ ਸਿਲਵਰ ਫਰਨ ਸੰਸਥਾ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ। ਸਮਾਗਮ ’ਚ ਗਾਇਕ ਭਗਵਾਨ ਹਾਂਸ, ਰਣਜੀਤ ਸਿੱਧੂ, ਸਰਬਜੀਤ ਸਿੱਧੂ, ਸਰਬਜੀਤ ਸੁਨਾਮੀ, ਸਤਨਾਮ ਸ਼ੇਰੋਂ, ਗੀਤਕਾਰ ਬਿੱਕਰ ਸਿੰਘ ਰੇਤਗੜ੍ਹ, ਹਰਮੇਸ਼ ਮੇਸ਼ੀ, ਗੁਰਮੀਤ ਸਿੰਘ ਖੇਤਲਾ, ਬੀਬੀ ਰਵੀ ਭਵਾਨੀਗੜ੍ਹ, ਕਰਮਿੰਦਰ ਬਿੱਲਾ, ਗਾਇਕਾ ਜੱਸ ਧਾਲੀਵਾਲ, ਆਸ਼ਾ ਮੱਟੂ, ਭੰਗੂ ਫਲੇੜਾ, ਡਾ. ਲਹਿਰੀ, ਗੁਲਜਾਰ ਚੰਗਾਲ, ਬਿੰਦਰ ਅਕੋਈ, ਟੋਨੀ ਅਕੋਈਵਾਲਾ, ਤਾਰੀ ਸਲਾਰੀਆ ਸਮੇਤ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ ਤੇ ਕਲਾ ਪ੍ਰੇਮੀ ਹਾਜ਼ਰ ਸਨ।