ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਜੁਲਾਈ
ਲਹਿਰਾਗਾਗਾ ਦੇ ਨੇੜਲੇ ਪਿੰਡ ਰੋੜੇਵਾਲਾ ਵਿੱਚ ਬਿਰਧ ਜੋੜਾ ਮਿੱਠੂ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ, ਔਲਾਦ ਹੋਣ ਦੇ ਬਾਵਜੂਦ ਸੰਤਾਪ ਭੋਗਣ ਲਈ ਮਜਬੂਰ ਹਨ। ਬੇਸਹਾਰਾ ਅਤੇ ਲਾਚਾਰ ਹੋਇਆ ਬਜ਼ੁਰਗ ਜੋੜਾ ਕੱਚੇ ਘਰ ਤੇ ਟੀਨ ਦੀ ਟੱਪਕਦੀ ਛੱਤ ਹੇਠ ਦਿਨ ਕੱਟੀ ਕਰ ਰਿਹਾ ਹੈ ਜਦਕਿ ਪੁੱਤ ਪੱਕੇ ਘਰ ’ਚ ਰਹਿੰਦਾ ਹੈ। ਇਹ ਜੋੜਾ ਰੋਟੀ ਪਾਣੀ ਮੰਗ ਕੇ ਖਾਣ ਲਈ ਮਜਬੂਰ ਹੈ।
ਇਸ ਸਬੰਧੀ ਸਮਾਜ ਸੇਵੀ ਗੁਰਪ੍ਰੀਤ ਸਿੰਘ, ਨਿਰਭੈ ਸਿੰਘ ਸਣੇ ਪਿੰਡ ਦੇ ਕਈ ਵਿਅਕਤੀਆਂ ਨੇ ਦੱਸਿਆ ਕਿ ਬਜ਼ੁਰਗ ਮਿੱਠੂ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਅਧਰੰਗ ਦੀ ਸ਼ਿਕਾਰ ਹੈ ਅਤੇ ਬੋਲਣ ਤੋਂ ਅਸਮਰਥ ਹੈ। ਇਸ ਬਿਰਧ ਜੋੜੇ ਨੂੰ ਉਨ੍ਹਾਂ ਦੇ ਆਪਣੇ ਨੂੰਹ-ਪੁੱਤ ਨੇ ਜਿਸ ਦਿਨ ਤੋਂ ਘਰੋਂ ਵੱਖ ਕੀਤਾ ਹੈ, ਉਸੇ ਦਿਨ ਤੋਂ ਹੀ ਉਹ ਇਨ੍ਹਾਂ ਨੂੰ ਟੀਨਾਂ ਦੀ ਛੱਤ ਥੱਲੇ ਦਿਨ ਕੱਟ ਰਹੇ ਹਨ। ਬਰਸਾਤਾਂ ਦੇ ਦਿਨਾਂ ’ਚ ਇਹ ਛੱਤ ਚੋਣ ਲੱਗ ਪੈਂਦੀ ਹੈ ਅਤੇ ਗਰਮੀ ਵਿੱਚ ਭੱਠੀ ਵਾਂਗ ਤਪਦੀ ਹੈ। ਇਸ ਜੋੜੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ।
ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਨੂੰ ਇਸ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।