ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਊਵੰਸ਼ ਦੀ ਸੰਭਾਲ ਲਈ ਯੋਜਨਾਬੱਧ ਢੰਗ ਨਾਲ ਉਪਰਾਲੇ ਕਰਨੇ ਯਕੀਨੀ ਬਣਾਏ ਜਾਣਗੇ ਤਾਂ ਜੋ ਇਨਾਂ ਨੂੰ ਸੜਕਾਂ ਅਤੇ ਕੂੜੇ ਦੇ ਢੇਰਾਂ ’ਤੇ ਰੁਲਣ ਤੋਂ ਬਚਾਇਆ ਜਾ ਸਕੇ। ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਅੱਜ ਬੇਸਹਾਰਾ ਪਸ਼ੂਆਂ ਅਤੇ ਗਊਆਂ ਦੇ ਪਿੰਗਲਵਾੜੇ, ਖਾਲਸ ਪ੍ਰੇਮ ਮਾਰਗ ਸੁਨਾਮ ਦੇ 14ਵੇਂ ਸਥਾਪਨਾ ਦਿਹਾੜੇ ਮੌਕੇ ਕਰਵਾਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਸ਼੍ਰੀ ਸਿੰਗਲਾ ਨੇ ਪਿੰਡ ਛਾਜਲੀ ਸਥਿਤ ਗਊਸ਼ਾਲਾ ਦਾ ਵੀ ਦੌਰਾ ਕੀਤਾ ਅਤੇ ਪ੍ਰਬੰਧਕੀ ਕਮੇਟੀ ਨਾਲ ਮੁਲਕਾਤ ਕੀਤੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਐੱਸਵੀਓ ਡਾ. ਨਿਸ਼ਾਂਤ ਬਾਂਸਲ, ਡਾ. ਦੁਸ਼ਿਅੰਤ, ਵੀਆਈ ਰਾਮਤੇਜ ਸਿੰਘ, ਵੀਆਈ ਸ਼ਿਵੰਦਰ ਸਿੰਘ, ਪ੍ਰਧਾਨ ਸ਼ਾਮ ਲਾਲ ਗਰਗ, ਉਪ ਪ੍ਰਧਾਨ ਰਾਜ ਕੁਮਾਰ ਗੋਇਲ ਹਾਜ਼ਰ ਸਨ।