ਨਿਜੀ ਪੱਤਰ ਪ੍ਰੇਰਕ
ਸੰਗਰੂਰ, 6 ਜੂਨ
ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ) ਦੀ ਸੂਬਾ ਕਮੇਟੀ ਦੀ ਇਕੱਤਰਤਾ ਹੋਈ ਜਿਸ ਵਿੱਚ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਤਰਲੋਚਨ ਸਿੰਘ ਸੂਲਰਘਰਾਟ, ਫਲਜੀਤ ਸਿੰਘ ਸੰਗਰੂਰ, ਗੁਰਮੇਲ ਸਿੰਘ ਅੱਕਾਂਵਾਲੀ, ਤਾਰਾ ਸਿੰਘ ਫੱਗੂਵਾਲ ਤੇ ਕਿਰਨਜੀਤ ਕੌਰ ਝੁਨੀਰ ਸ਼ਾਮਿਲ ਹੋਏ। ਆਗੂਆਂ ਕਿਹਾ ਕਿ ਸੁਧਾਰਾਂ ਦੇ ਨਾਮ ’ਤੇ ਮੰਡੀ ਐਕਟ ਵਿੱਚ ਇੱਕ ਦੇਸ਼, ਇੱਕ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਜਿਸ ਨਾਲ ਸੂਬਿਆਂ ਅਤੇ ਲੋਕਾਂ ਦੇ ਅਧਿਕਾਰ ਸ਼ਰੇਆਮ ਖੋਹੇ ਜਾਣਗੇ। ਸੂਬਿਆਂ ਦੇ ਮੰਡੀਕਰਨ ਬੋਰਡਾਂ ਨੂੰ ਢੇਡੇ ਤਰੀਕੇ ਨਾਲ ਖ਼ਤਮ ਕਰਕੇ, ਮੁਲਾਜ਼ਮਾਂ ਦੀ ਛਾਂਟੀ ਅਤੇ ਪਿੰਡਾਂ ਦੇ ਵਿਕਾਸ ਨੂੰ ਤਬਾਹੀ ਵੱਲ ਧੱਕਿਆ ਜਾਵੇਗਾ।
ਆਗੂਆਂ ਅੱਗੇ ਕਿਹਾ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਲਈ ਖੁੱਲ੍ਹੀ ਮੰਡੀ ਦਾ ਰਸਤਾ ਅਪਣਾ ਕੇ ਸਰਕਾਰ ਫ਼ਸਲਾਂ ਦੇ ਸਮਰਥਨ ਮੁੱਖ ਦੇਣ ਤੋਂ ਵੀ ਭੱਜ ਰਹੀ ਹੈ। ਕਿਸਾਨ-ਮਜ਼ਦੂਰ ਪਹਿਲਾਂ ਹੀ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਸਰਕਾਰ ਦੇ ਇਸ ਫੈਸਲੇ ਨਾਲ ਇਨ੍ਹਾਂ ਵਰਗਾਂ ਦੇ ਹੋਰ ਦੁਰਦਸ਼ਾ ਹੋਵੇਗੀ। ਇਸ ਲਈ ਕੇਂਦਰ ਸਰਕਾਰ ਇਸ ਮੰਡੀ ਐਕਟ ਵਿੱਚ ਸੋਧਾਂ ਦੇ ਫੈਸਲਾ ਨੂੰ ਤੁਰੰਤ ਵਾਪਸ ਲਵੇ। ਸੂਬਿਆਂ ਦੇ ਬਿਜਲੀ ਬੋਰਡਾਂ ਸਬੰਧੀ ਕੇਂਦਰ ਸਰਕਾਰ ਵੱਲੋਂ ਕੀਤੀਆਂ ਸੋਧਾਂ ਰਾਹੀਂ ਆਪਣੇ ਹੱਥ ਵਿੱਚ ਲੈ ਕੇ ਨਿੱਜੀਕਰਨ ਦਾ ਰਾਹ ਕੱਢ ਰਹੀ ਹੈ। ਮਜ਼ਦੂਰ ਐਕਟ ਵਿੱਚ ਵੀ ਵਿਕਾਸ ਦੇ ਨਾਮ ਦੇ ਕੀਤੇ ਜਾ ਰਹੇ ਸੁਧਾਰ ਮਜ਼ਦੂਰਾਂ ਲਈ ਵਿਨਾਸ਼ਕਾਰੀ ਹੋਣਗੇ। ਇਸ ਲਈ ਸੁਧਾਰਾਂ ਦਾ ਨਕਾਬ ਪਹਿਣਕੇ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਸੋਧਾਂ ਵਾਪਸ ਕੀਤੀਆਂ ਜਾਣ।