ਨਿਜੀ ਪੱਤਰ ਪ੍ਰੇਰਕ
ਸੰਗਰੂਰ, 17 ਨਵੰਬਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਲਹਿਰਾ ਦੇ ਪਿੰਡ ਸੰਗਤੀਵਾਲਾ ਦੇ ਇੱਕ ਮਾਮਲੇ ਦੀ ਸੁਣਵਾਈ ਉਪਰੰਤ ਪਿੰਡ ਦੀ ਉਸੇ ਥਾਂ ’ਤੇ ਅੰਬੇਦਕਰ ਭਵਨ, ਪਾਰਕ, ਕਮਰੇ ਅਤੇ ਬਾਥਰੂਮ ਦੀ ਉਸਾਰੀ ਲਈ 20 ਬਿਸਵੇ ਜਗ੍ਹਾ ਦੇਣ ਲਈ ਆਖਿਆ ਹੈ।
ਸ੍ਰੀ ਮੋਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਰੀਕ ਸਿੰਘ ਵਾਸੀ ਪਿੰਡ ਸੰਗਤੀਵਾਲਾ ਦੀ ਸ਼ਿਕਾਇਤ ਦੀ ਪੜਤਾਲ ਸਬੰਧੀ 9 ਨਵੰਬਰ ਨੂੰ ਪਿੰਡ ਦਾ ਦੌਰਾ ਕੀਤਾ ਗਿਆ ਸੀ ਅਤੇ ਦੋਵਾਂ ਧਿਰਾਂ ਦੇ ਪੱਖਾਂ ਦੀ ਪੜਤਾਲ ਲਈ 15 ਨਵੰਬਰ ਨੂੰ ਕਮਿਸ਼ਨ ਵਿਖੇ ਸੱਦਿਆ ਗਿਆ ਸੀ। ਸੁਣਵਾਈ ਦੌਰਾਨ ਦੋਹਾਂ ਧਿਰਾਂ ਦੀ ਸਹਿਮਤੀ ਹੋਈ ਕਿ ਗ੍ਰਾਮ ਪੰਚਾਇਤ ਵੱਲੋਂ ਉਸੇ ਥਾਂ ’ਤੇ 20 ਬਿਸਵੇ ਜਗ੍ਹਾ ਅੰਬੇਦਕਰ ਭਵਨ, ਪਾਰਕ, ਕਮਰੇ ਅਤੇ ਬਾਥਰੂਮ ਦੀ ਉਸਾਰੀ ਲਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੀ ਸੁਣਵਾਈ ਦੌਰਾਨ ਪੰਚ ਦਰਸ਼ਨ ਸਿੰਘ ਵੱਲੋਂ ਪੜਤਾਲ ਵਿੱਚ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਉਨ੍ਹਾਂ ਨੇ ਬੀ.ਡੀ.ਪੀ.ਓ. ਸੁਨਾਮ ਨੂੰ ਹਦਾਇਤ ਕੀਤੀ ਕਿ ਪੰਚ ਦੀ ਮੁਅੱਤਲੀ ਸਬੰਧੀ ਸਰਕਾਰ ਨੂੰ ਲਿਖਿਆ ਜਾਵੇ ਅਤੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ 2 ਦਸੰਬਰ ਤੱਕ ਐਕਸ਼ਨ ਟੇਕਨ ਰਿਪੋਰਟ ਦੀ ਮੰਗ ਕੀਤੀ ਗਈ ਹੈ।