ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੇ 94794 ਵੋਟਾਂ ਲੈ ਕੇ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ 75,277 ਵੋਟਾਂ ਦੇ ਫਰਕ ਨਾਲ ਹਰਾਇਆ। ਪੰਜਾਬ ਵਿੱਚ ਇਹ ਲੀਡ ਸਭ ਤੋਂ ਵੱਧ ਮੰਨੀ ਜਾ ਰਹੀ ਹੈ। ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ 19517 ਵੋਟਾਂ ਪਈਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ ਨੂੰ 12714 ਵੋਟਾਂ ਮਿਲੀਆਂ। ਅੱਜ ਸਵੇਰੇ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਮਨ ਅਰੋੜਾ, ਗਿਣਤੀ ਦੇ ਹਰੇਕ ਗੇੜ ਵਿੱਚ ਆਪਣੇ ਵਿਰੋਧੀਆਂ ਨੂੰ ਪਛਾੜਦੇ ਗਏ। ਸਵੇਰ ਤੋਂ ਹੀ ਸੁਨਾਮ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਉਨ੍ਹਾਂ ਦੇ ਸਮਰਥਕਾਂ ਦਾ ਇਕੱਠੇ ਹੋਣਾ ਸ਼ੁਰੂ ਹੋ ਗਿਆ। ਜਿਵੇਂ ਜਿਵੇਂ ਲੀਡ ਵਧਦੀ ਗਈ, ਸਮਰਥਕਾਂ ਵੱਲੋਂ ਲੱਡੂ ਵੰਡਣੇ ਅਤੇ ਪਟਾਕੇ ਵਜਾਉਣੇ ਸ਼ੂਰੂ ਕਰ ਦਿੱਤੇ ਗਏ। ਸ਼ਹਿਰ ਵਿੱਚ ਕਈ ਥਾਈਂ ਅਮਨ ਅਰੋੜਾ ਦੇ ਜਿੱਤਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾਣ ਲੱਗੇ। ਇਨ੍ਹਾਂ ਵੋਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਸਿੰਘ ਸਿੱਧੂ ਨੂੰ 10700, ਸਨਮੁੱਖ ਸਿੰਘ ਮੋਖਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ 11351 ਵੋਟਾਂ ਮਿਲੀਆਂ।