ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਫਰਵਰੀ
ਅਕਾਲੀ ਦਲ ਸੰਯੁਕਤ, ਪੀਐੱਲਸੀ ਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਚੋਣ ਪ੍ਰਚਾਰ ਦੇ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਹਲਕੇ ਦੇ ਪਿੰਡਾਂ ਲਹਿਲ ਕਲਾਂ, ਬੱਲਰਾਂ, ਰਾਏਧਰਾਨਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਭਰਵੇਂ ਚੋਣ ਰੈਲੀਆਂ ਕੀਤੀਆਂ। ਇਕੱਠਾਂ ਨੂੰ ਸੰਬੋਧਨ ਦੌਰਾਨ ਢੀਂਡਸਾ ਨੇ ਕਿਹਾ,‘ਮੇਰੀ ਸੇਵਾ ਅਤੇ ਵਿਕਾਸ ਕਾਰਜਾਂ ਸਬੰਧੀ ਮੇਰਾ ਰਿਪੋਰਟ ਕਾਰਡ ਦੇਖਦਿਆਂ ਆਪਣੀ ਵੋਟ ਦੀ ਵਰਤੋਂ ਕਰਨ। ਢੀਂਡਸਾ ਨੇ ਕਿਹਾ ਕਿ ਐੱਨਡੀਏ ਗੱਠਜੋੜ ਪੰਚਾਇਤਾਂ ਨੂੰ ਹਕੀਕੀ ਹੱਕ ਦੇ ਕੇ ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰੇਗਾ। ਉਨ੍ਹਾਂ ਲਹਿਰਾ ਹਲਕੇ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਗੱਠਜੋੜ ਇਤਿਹਾਸਕ ਜਿੱਤ ਦਰਜ ਕਰੇਗਾ। ਢੀਂਡਸਾ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ‘ਆਪ’ ਆਗੂ ਤੇ ਵਰਕਰ ਗਠਜੋੜ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਦਾ ਰਹਿਤ ਸਿਆਸਤ ਨੂੰ ਨਕਾਰ ਕੇ ਲੋਕ ਮੁੱਦਿਆਂ ’ਤੇ ਅਧਾਰਿਤ ਐੱਨਡੀਏ ਨੂੰ ਜਿਤਾਉਣ ਲਈ ਵੋਟਰ ਕਾਹਲੇ ਹਨ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ (ਰਾਖਵਾਂ) ਹਲਕਾ ਦਿੜ੍ਹਬਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਬ ਸਾਂਝੇ ਉਮੀਦਵਾਰ ਸੋਮਾ ਘਰਾਚੋਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।