ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਜਨਵਰੀ
ਸਫਾਈ ਸੇਵਕ ਯੂੁਨੀਅਨ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਸਫਾਈ ਸੇਵਕਾਂ ਨੇ 8ਵੇਂ ਦਿਨ ਧਰਨਾ ਤੇ ਹੜਤਾਲ ਜਾਰੀ ਰੱਖੀ ਗਈ। ਦੂਜੇ ਪਾਸੇ ਹੜਤਾਲ ਕਾਰਨ ਸ਼ਹਿਰ ’ਚ ਗੰਦਗੀ ਤੇ ਨਾਲੀਆਂ ’ਚੋਂ ਪਾਣੀ ਬਾਹਰ ਨਿਕਲ ਕੇ ਸੜਕਾਂ ’ਤੇ ਫੈਲ ਰਿਹਾ ਹੈ ਪਰ ਪ੍ਰਸ਼ਾਸ਼ਨ ਬੇਪ੍ਰਵਾਹ ਹੈ। ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਫ਼ਾਈ ਸੇਵਕਾਂ ਦੇ ਈਪੀਐਫ ਨਾਲ ਛੇੜਛਾੜ ਕੀਤੀ ਹੈ। ਸਫ਼ਾਈ ਸੇਵਕ ਲਗਾਤਾਰ 11 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਬਿਨਾਂ ਨਾਗਾ ਕੰਮ ਕਰ ਰਹੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦਾ ਕਥਿਤ ਤਿੰਨ ਤਿੰਨ ਸਾਲ ਦਾ ਵਕਫਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ ਨੇ ਕੇਸ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੁਰੇਸ਼ ਕੁਮਾਰ, ਕੁਲਵੀਰ ਸਿੰਘ, ਅਵਤਾਰ ਸਿੰਘ, ਨਿਰਮਲਾ ਦੇਵੀ ਆਦ ਨੇ ਕਿਹਾ ਕਿ ਉਹ ਅੱਠ ਦਿਨਾਂ ਤੋਂ ਹੜਤਾਲ ਤੇ ਧਰਨਾ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ ਕਾਂਗਰਸ ਨੂੰ ਚੋਣਾਂ ’ਚ ਵਿਰੋਧ ਦੀ ਚਿਤਾਵਨੀ ਦਿੱਤੀ।