ਹਰਦੀਪ ਸਿੰਘ ਸੋਢੀ
ਧੂਰੀ, 11 ਦਸੰਬਰ
ਭਾਵੇਂ ਸ਼ਹਿਰ ਧੂਰੀ ਦੀਆਂ ਗਲੀਆਂ ਅੰਦਰ ਬਣੀਆਂ ਨਾਲੀਆਂ ਨੂੰ ਅੰਡਰ ਗਰਾਊਂਡ ਕਰਨ ਲਈ ਕਾਰਜ ਪੂਰੇ ਜ਼ੋਰਾਂ ’ਤੇ ਹਨ, ਪ੍ਰੰਤੂ ਇਸ ਦੇ ਉਲਟ ਕਈ ਥਾਵਾਂ ’ਤੇ ਵਿਕਾਸ ਕਾਰਜਾਂ ’ਚ ਅਣਗਹਿਲੀ ਵਰਤਣ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਅੱਜ ਸਥਾਨਕ ਵਾਰਡ ਨੰਬਰ 5 ਤੇ 6 ਦੇ ਵਸਨੀਕ ਈਸ਼ਵਰ ਚੰਦ ਮਾਂਟੂ, ਰਵੀ ਭੂਸ਼ਣ, ਅਨਿਲ ਦੇਵਗਣ, ਨੀਲਮ ਰਾਣੀ ਆਦਿ ਨੇ ਇਨ੍ਹਾਂ ਵਿਕਾਸ ਕਾਰਜਾਂ ਵਿਚ ਅਣਗਹਿਲੀ ਵਰਤਣ ਦਾ ਦੋਸ਼ ਲਗਾਉਦਿਆਂ ਕਿਹਾ ਕਿ ਜਿੱਥੇ ਨਾਲੀਆਂ ਅੰਡਰ ਗਰਾਊਂਡ ਕਰਨ ਲਈ ਵਰਤੇ ਜਾਣ ਵਾਲੇ ਪਾਈਪ ਸਮੇਤ ਹੋਰ ਮਟੀਰੀਅਲ ਦੀ ਕੁਆਲਿਟੀ ਮਾੜੀ ਹੈ, ਉਥੇ ਹੀ ਪਾਈਪ ਨੂੰ ਲੈਵਲ ਅਨੁਸਾਰ ਨਹੀਂ ਪਾਇਆ ਜਾ ਰਿਹਾ ਤੇ ਕਈ ਥਾਵਾਂ ’ਤੇ ਟੁੱਟੇ ਹੋਏ ਪਾਈਪ ਵੀ ਪਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਿਕਾਸ ਕਾਰਜਾਂ ’ਚ ਵਰਤੀ ਜਾ ਰਹੀ ਅਣਗਹਿਲੀ ਦੀ ਜਾਂਚ ਹੋਵੇ ਤੇ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵੀ ਕੁਮਾਰ ਤੇ ਜੇ.ਈ ਜਤਿੰਦਰ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।