ਬੀਰਬਲ ਰਿਸ਼ੀ
ਸ਼ੇਰਪੁਰ, 16 ਸਤੰਬਰ
ਕਿਸਾਨ ਮੁਕਤੀ ਮੋਰਚਾ ਨੇ ਸਬ-ਤਹਿਸੀਲ ਸ਼ੇਰਪੁਰ ’ਚ ਕਿਸਾਨਾਂ ਦੀ ਲੁੱਟ ਹੋਣ ਦਾ ਦਾਅਵਾ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਇੱਥੇ ਵਸੀਕੇ ਲਿਖਣ ਮੌਕੇ ਰਜਿਸਟਰੀ ਕਰਵਾਏ ਜਾਣ ਜਾਂ ਇੰਤਕਾਲ ਕਰਵਾਏ ਜਾਣ ਦੇ ਨਾਮ ਹੇਠ ਕਥਿਤ ਤੌਰ ’ਤੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ ਜੋ ਕਿ ਲੋਕਾਂ ਦੀ ਸ਼ਰ੍ਹੇਆਮ ਲੁੱਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਇਸ ਤਰ੍ਹਾਂ ਲਏ ਗਏ 25 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰਵਾ ਚੁੱਕੀ ਹੈ ਅਤੇ ਹੁਣ ਇੱਕ ਵਿਆਕਤੀ ਤੋਂ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਲਏ ਗਏ ਹਨ। ਉਨ੍ਹਾਂ ਸਮੁੱਚੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਦਫ਼ਤਰ ਵਿੱਚ ਕਿਸੇ ਨੂੰ ਨਿਰਧਾਰਤ ਫੀਸ ਤੋਂ ਵੱਧ ਪੈਸੇ ਨਾ ਦੇਣ ਦੇ ਬੋਰਡ ਲਗਾਏ ਗਏ ਹਨ ਜਿਸ ’ਚ ਬਕਾਇਦਾ ਹਰ ਕੰਮ ਦੀਆਂ ਲਈਆਂ ਜਾਣ ਵਾਲੀਆਂ ਸਰਕਾਰੀ ਫੀਸਾਂ ਵੀ ਲਿਖੀਆਂ ਹੋਈਆਂ ਹਨ। ਉਨ੍ਹਾਂ ਇੰਤਕਾਲਾਂ ਸਬੰਧੀ ਸਪੱਸ਼ਟ ਕੀਤਾ ਕਿ ਉਹ ਪਿੰਡ-ਪਿੰਡ ਜਾ ਕੇ ਖੁਦ ਇੰਤਕਾਲ ਕਰ ਰਹੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਤਾਂ ਉਹ ਸਿੱਧਾ ਆ ਕੇ ਉਨ੍ਹਾਂ ਮਿਲ ਸਕਦਾ ਹੈ।