ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਜੂਨ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਸੰਗਰੂਰ ਜ਼ੋਨ ਦੇ ਇੰਜਨੀਅਰਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਿਗਰਾਨ ਇੰਜਨੀਅਰ ਜ/ਸ ਅਤੇ ਸੈਨੀਟੇਸ਼ਨ ਹਲਕਾ ਸੰਗਰੂਰ ਨੂੰ ਪ੍ਰਿੰਸੀਪਲ ਸਕੱਤਰ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਇਸ ਮੌਕੇ ਜ਼ੋਨ ਪ੍ਰਧਾਨ ਇੰਜਨੀਅਰ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਹਲਕਾ ਦਫ਼ਤਰਾਂ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੋਈ ਹੱਲ ਉੱਚ ਅਧਿਕਾਰੀਆਂ ਵਲੋਂ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਡਿਪਲੋਮਾ ਇੰਜਨੀਅਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਇੰਜਨੀਅਰ ਕਰਮਜੀਤ ਸਿੰਘ ਬੀਹਲਾ ਅਤੇ ਮਨਿੰਦਰ ਸਿੰਘ ਨੇ ਕਿਹਾ ਕਿ ਹਲਕਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਅਧੀਨ ਆਉਂਦੇ ਉਸਾਰੀ ਸਬੰਧੀ ਕੰਮ ਮੌਕੇ ’ਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਮਨਜ਼ੂਰੀ ਨਾਲ ਮੁਕੰਮਲ ਕੀਤੇ ਹਨ ਪਰ ਫਾਈਨਲ ਬਿਲ ਬਣਾਏ ਜਾਣ ਤੋਂ ਬਾਅਦ ਇਨ੍ਹਾਂ ਕੰਮਾਂ ਦੀ ਰੀ-ਚੈਕਿੰਗ ਪ੍ਰਾਈਵੇਟ ਏਜੰਸੀਆਂ ਤੋਂ ਕਰਵਾ ਕੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਾਰਨ ਅੱਜ ਮੁਕਤਸਰ ਸਾਹਿਬ ਜ਼ੋਨ ਦੇ ਮੈਂਬਰਾਂ ਵਲੋਂ ਹਲਕਾ ਦਫ਼ਤਰ ਅੱਗੇ ਸੰਕੇਤਕ ਧਰਨਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਏਸੀਪੀ, ਪ੍ਰੋਬੇਸ਼ਨ ਪੀਰੀਅਲ, 4-9-14 ਅਤੇ ਕਈ ਸੇਵਾਮੁਕਤ ਮੈਂਬਰਾਂ ਦੇ ਪੈਨਸ਼ਨ ਕੇਸ ਵੀ ਲੰਮੇ ਸਮੇਂ ਤੋਂ ਮੁੱਖ ਦਫ਼ਤਰ ’ਚ ਲਟਕ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਇੰਜ. ਤਲਵਿੰਦਰ ਸਿੰਘ, ਨਵਜੋਤ ਸਿੰਘ ਜੌਹਲ, ਵਿਨੋਦ ਉਪਲ, ਗੁਰਇਕਬਾਲ ਸਿੰਘ, ਵਰੁਣ ਮਿੱਤਲ, ਕੁਲਦੀਪ ਸਿੰਘ ਆਦਿ ਮੌਜੂਦ ਸਨ।