ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 11 ਜੂਨ
ਪਿੰਡ ਬਡਰੁੱਖਾਂ ਵਿੱਚ ਇਕ ਵਿਧਵਾ ਔਰਤ ਨੂੰ ਕਈ ਸਾਲ ਪਹਿਲਾਂ ਸਰਕਾਰ ਵੱਲੋਂ ਪਲਾਟ ਅਲਾਟ ਕੀਤਾ ਗਿਆ ਸੀ, ਜਿਸ ’ਤੇ ਪਿੰਡ ਦੇ ਸਰਪੰਚ ਵੱਲੋਂ ਕਬਜ਼ਾ ਕਰਨ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੀਤੀ ਹੈ। ਪਿੰਡ ਬਡਰੁੱਖਾਂ ਤੋਂ ਸੱਤਿਆ ਦੇਵੀ ਪਤਨੀ ਮਰਹੂਮ ਨਿਰੰਜਣ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਚੌਕੀ ਬਡਰੁੱਖਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਸਰਕਾਰ ਵੱਲੋਂ 10 ਅਕਤੂਬਰ 2011 ਨੂੰ ਇੱਕ ਪੰਜ ਮਰਲੇ ਦਾ ਪਲਾਟ ਉਨ੍ਹਾਂ ਨੂੰ ਅਲਾਟ ਕੀਤਾ ਗਿਆ ਸੀ। ਇਸ ਪਲਾਂਟ ਵਿੱਚ ਉਹ ਇਕ ਰੂੜੀ ਲਗਾਈ ਹੋਈ ਸੀ ਤੇ ਉਸ ਦੀਆਂ ਨੌ ਹਜ਼ਾਰ ਦੇ ਕਰੀਬ ਇੱਟਾਂ ਪਈਆਂ ਸਨ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਤੂਰ ਨੇ ਇਸ ਪਲਾਟ ਵਿੱਚੋਂ ਰੂੜੀ ਦੀ ਰੇਅ ਤੇ ਇੱਟਾਂ ਚੁੱਕ ਕੇ ਪਲਾਟ ’ਤੇ ਕਬਜ਼ਾ ਕਰ ਲਿਆ ਅਤੇ ਦਾਅਵਾ ਕਰ ਰਿਹਾ ਹੈ ਕਿ ਇਹ ਪਲਾਟ ਪੰਚਾਇਤ ਦਾ ਹੈ। ਕਿਉਂਕਿ ਜੋ ਅਲਾਟਮੈਂਟ ਸਰਕਾਰ ਵੱਲੋਂ ਕੀਤੀ ਗਈ ਸੀ, ਉਹ ਕੈਂਸਲ ਹੋ ਚੁੱਕੀ ਹੈ, ਜਦਕਿ ਇਹ ਪਲਾਟ ਜਮ੍ਹਾਬੰਦੀ ਫ਼ਰਦ ਵਿੱਚ ਵੀ ਸੱਤਿਆ ਦੇਵੀ ਦੇ ਨਾਮ ’ਤੇ ਬੋਲਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਲਾਟ ਸੱਤਿਆ ਦੇਵੀ ਨੂੰ ਵਾਪਸ ਦਿਵਾਇਆ ਜਾਵੇ। ਇਸ ਬਾਰੇ ਸਰਪੰਚ ਕੁਲਜੀਤ ਸਿੰਘ ਤੂਰ ਨੇ ਕਿਹਾ ਕਿ ਉਸ ਨੇ ਕਿਸੇ ਪਲਾਟ ’ਤੇ ਕਬਜ਼ਾ ਨਹੀਂ ਕੀਤਾ। ਪਟਵਾਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਪਲਾਟ ਜਮ੍ਹਾਬੰਦੀ ਵਿਚ ਸੱਤਿਆ ਦੇਵੀ ਦੇ ਨਾਮ ਬੋਲਦਾ ਹੈ। ਇਸੇ ਤਰ੍ਹਾਂ ਬੀਡੀਪੀਓ ਸੰਗਰੂਰ ਨੇ ਦੱਸਿਆ ਕਿ ਹਾਲੇ ਇਸ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਬਡਰੁੱਖਾਂ ਚੌਕੀ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਖਾਸਤ ਆਈ ਹੈ। ਜਲਦੀ ਹੀ ਉਹ ਇਸ ਸਬੰਧੀ ਮੌਕਾ ਵੇਖਣ ਲਈ ਜਾਣਗੇ।