ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਨਵੰਬਰ
ਇਥੋਂ ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਾਬਕਾ ਸੂਬਾ ਵਿੱਤ ਸਕੱਤਰ ਮਰਹੂਮ ਹਰਦੇਵ ਸਿੰਘ ਸਕਰੌਦੀ ਨੂੰ ਵੱਖ ਵੱਖ ਕਿਸਾਨ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਦੇਵ ਸਿੰਘ ਸਕਰੌਦੀ ਇੱਕ ਇਮਾਨਦਾਰ ਤੇ ਨਿਸ਼ਕਾਮ ਸੇਵਾ ਭਾਵਨਾ ਵਾਲੇ ਆਗੂ ਸਨ। ਉਨ੍ਹਾਂ ਵਰਗੇ ਆਗੂਆਂ ਦੀਆਂ ਘਾਲਣਾ ਸਦਕਾ ਅੱਜ ਕਿਸਾਨ ਅੰਦੋਲਨ ਦੁਨੀਆਂ ਪੱਧਰ ’ਤੇ ਆਪਣੀ ਨਿਵੇਕਲੀ ਥਾਂ ਬਣਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੋਂ ਬਾਅਦ ਹੀ ਦਿੱਲੀ ਦੀਆਂ ਬਰੂਹਾਂ ਤੇ ਧਰਨੇ ’ਤੇ ਬੈਠੇ ਕਿਸਾਨ ਵਾਪਸ ਆਉਣਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਗਈ ਹੈ, ਜਦੋਂ ਕਿ ਕਿਸਾਨ ਅੰਦੋਲਨ ਹੋਰ ਵਿਸ਼ਾਲ ਤੇ ਮਜ਼ਬੂਤ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਜਥੇਬੰਦੀ ਦੀ ਤਰਫੋਂ ਹਰਦੇਵ ਸਿੰਘ ਸਕਰੌਦੀ ਦੇ ਵੱਡੇ ਪੁੱਤਰ ਭਲਿੰਦਰ ਸਿੰਘ ਨੂੰ ਪਗੜੀ ਦੇਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੁਖਵੰਤ ਸਿੰਘ ਸਰਾਂ ਸਾਬਕਾ ਏਡੀਸੀ, ਪੁਸ਼ਪਿੰਦਰ ਸਿੰਘ ਗਰੇਵਾਲ ਸਾਬਕਾ ਡਿਪਟੀ ਡਾਇਰੈਕਟਰ ਮਾਲਵਿੰਦਰ ਸਿੰਘ ਮਾਲੀ, ਰਜਿੰਦਰ ਸਿੰਘ ਸੰਘਰੇੜੀ, ਕਸ਼ਮੀਰਾ ਸਿੰਘ ਕਾਕੜਾ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਇੰਦਰਜੀਤ ਸਿੰਘ ਗਰੇਵਾਲ ਅਤੇ ਹਰਜਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਸਰਪੰਚ ਹਾਜ਼ਰ ਸਨ।