ਨਿਜੀ ਪੱਤਰ ਪ੍ਰੇਰਕ
ਸੰਗਰੂਰ, 14 ਜਨਵਰੀ
ਸ਼ਹਿਰ ਦਾ ਸਰਵਪੱਖੀ ਵਿਕਾਸ ਮੇਰਾ ਮੁੱਖ ਟੀਚਾ ਰਿਹਾ ਹੈ। ਪੰਜਾਬ ਸਰਕਾਰ ਤੋ ਵੱਡੇ ਪੱਧਰ ’ਤੇ ਗਰਾਟਾਂ ਪ੍ਰਾਪਤ ਕਰਕੇ ਸ਼ਹਿਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ।ਸ਼ਹਿਰ ਦੇ ਅਜਿਹੇ ਕੰਮ ਜੋ ਚਿਰਾਂ ਤੋ ਲਟਕੇ ਹੋਏ ਸਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ’ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਦੀ ਸ਼ਿਵਮ ਕਲੋਨੀ ਵਿੱਚ ਪਾਵਰ ਲਾਈਨ ਦਾ ਉਦਘਾਟਨ ਕਰਨ ਮੌਕੇ ਕੀਤਾ।ਪਿੰਡ ਬਡਰੁੱਖਾਂ, ਪੁਲੀਸ ਲਾਈਨ, ਬਰਨਾਲਾ ਰੋਡ, ਰਣਬੀਰ ਕਲੱਬ, ਸੰਗਰੂਰ ਬਾਈਪਾਸ, ਕਾਲੀ ਦੇਵੀ ਮੰਦਰ ਸਾਹਮਣੇ ਵਾਲੀ ਸੜਕ ਨੂੰ ਚਹੁੰਮਾਰਗੀ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਰਾਜਾ ਚੇਅਰਮੈਨ, ਨਰੇਸ਼ ਗਾਬਾ ਚੇਅਰਮੈਨ, ਕੁਲਵੰਤ ਰਾਏ ਸਿੰਗਲਾ, ਰਾਜ ਕੁਮਾਰ ਅਰੋੜਾ, ਅਮਰਜੀਤ ਸਿੰਘ ਟੀਟੂ, ਰਾਜੀਵ ਜਿੰਦਲ, ਇਕਬਾਲ ਪੂਨੀਆ ਆਦਿ ਮੌਜੂਦ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਵਾਨੀਗੜ ਵਿਖੇ ਸ਼ਹਿਰ ਵਾਸੀਆਂ ਦੀਆਂ ਚਿਰੋਕਣੀਆਂ ਮੰਗਾਂ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ’ਤੇ 4 ਕਰੋੜ ਰੁਪਏ ਦੇ ਕਰੀਬ ਦੀ ਲਾਗਤ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਵੱਲੋਂ ਅੱਜ ਸ਼ੁਰੂ ਕਰਵਾਏ ਗਏ ਕੰਮਾਂ ਵਿਚ ਤੂਰ ਪੱਤੀ ’ਚ 1.66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਪਾਰਕ, 60 ਲੱਖ ਰੁਪਏ ਨਾਲ ਨਗਰ ਕੌਂਸਲ ਦੀ ਪੁਰਾਣੀ ਇਮਾਰਤ ’ਚ ਵਹੀਕਲ ਪਾਰਕਿੰਗ, ਖੇਡ ਸਟੇਡੀਅਮ ’ਚ ਲੋੜੀਂਦੀਆਂ ਸਹੂਲਤਾਂ ਲਈ 37 ਲੱਖ ਰੁਪਏ ਅਤੇ ਸ਼ਿਵ ਮੰਦਰ ’ਚ 1.16 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲਾ ਬਹੁ-ਮੰਤਵੀ ਹਾਲ ਸ਼ਾਮਲ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਚੇਅਰਪਰਸਨ ਜਸਵੀਰ ਕੌਰ, ਐਸਡੀਐਮ ਡਾ. ਕਰਮਜੀਤ ਸਿੰਘ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਪਰਦੀਪ ਕੱਦ, ਕਪਿਲ ਦੇਵ ਗਰਗ ਅਤੇ ਫਕੀਰ ਚੰਦ ਵੀ ਹਾਜ਼ਰ ਸਨ।