ਨਿਜੀ ਪੱਤਰ ਪ੍ਰੇਰਕ
ਸੰਗਰੂਰ, 3 ਨਵੰਬਰ
ਸੰਗਰੂਰ ਪੁਲੀਸ ਵੱਲੋਂ ਲਗਜ਼ਰੀ ਕਾਰਾਂ ਵਿੱਚ ਸ਼ਰਾਬ ਦੀ ਅੰਤਰਰਾਜੀ ਤਸਕਰੀ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਤਿੰਨ ਮੈਂਬਰਾਂ ਕੋਲੋਂ ਇੱਕ ਦੇਸੀ 32 ਬੋਰ ਪਿਸਤੌਲ ਸਮੇਤ 4 ਜਿੰਦਾ ਕਾਰਤੂਸ, 240 ਬੋਤਲਾਂ ਸ਼ਰਮਾਰ ਠੇਕਾ ਦੇਸੀ ਹਰਿਆਣਾ, ਪੰਜ ਲਗਜ਼ਰੀ ਕਾਰਾਂ ਸਕੌਡਾ, ਕੈਮਰੀ, ਇੱਕ ਟੀ-20, ਇੱਕ ਆਪਟਰਾ ਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀਆਂ ਹਨ।
ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਸੰਧੂ ਐਸ.ਪੀ.ਡੀ, ਗੋਬਿੰਦਰ ਸਿੰਘ ਡੀਐੱਸਪੀ ਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀਆਈਏ ਬਹਾਦਰ ਸਿੰਘ ਵਾਲਾ ਤੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਟੀਮ ਨੇ ਬੀਤੀ ਰਾਤ ਉਭਾਵਾਲ ਰੋਡ ਨੇੜੇ ਟੀ-ਪੁਆਇੰਟ ਬੱਗੂਆਣਾ ਵਿੱਚ ਮੁਖਬਰੀ ਦੇ ਆਧਾਰ ’ਤੇ ਨਾਕੇਬੰਦੀ ਕੀਤੀ ਸੀ ਜਿਸ ਦੌਰਾਨ ਇੱਕ ਕਾਰ ਐੱਸਯੂਵੀ-500 ਰੰਗ ਚਿੱਟਾ, ਨੂੰ ਰੋਕ ਕੇ ਉਸ ਵਿਚ ਸਵਾਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਨ੍ਹਾਂ ’ਚੋੀ ਗਰੋਹ ਦਾ ਮੁਖੀ ਯਾਦਵਿੰਦਰ ਸਿੰਘ ਉਰਫ਼ ਯਾਦੀ ਵਾਸੀ ਪਿੰਡ ਸਿਹਾਲ ਥਾਣਾ ਦਿੜਬਾ ਹੈ, ਜਦੋਂਕਿ ਇਸਦੇ ਦੋ ਸਾਥੀ ਕੁਲਵਿੰਦਰ ਸਿੰਘ ਵਾਸੀ ਸ਼ਾਹਪੁਰ ਥਾਣਾ ਚੀਮਾਂ ਹਾਲ ਅਬਾਦ ਦਿੜਬਾ ਤੇ ਪ੍ਰਿੰਸਪਾਲ ਸਿੰਘ ਵਾਸੀ ਸਤਰਾਣਾ ਹਨ। ਗਰੋਹ ਮੁਖੀ ਯਾਦੀ ਖ਼ਿਲਾਫ਼ ਅਗਵਾ, ਇਰਾਦਾ ਕਤਲ, ਲੁੱਟ ਖੋਹ ਤੇ ਸ਼ਰਾਬ ਦੀ ਸਮਗਲਿੰਗ ਦੇ 8 ਕੇਸ ਦਰਜ ਹਨ ਜਦੋਂਕਿ ਕੁਲਵਿੰਦਰ ਸਿੰਘ ਖ਼ਿਲਾਫ਼ ਦੋ ਕੇਸ ਦਰਜ ਹਨ। ਗ੍ਰਿਫ਼ਤਾਰ ਗਰੋਹ ਮੈਂਬਰਾਂ ਕੋਲੋਂ ਇੱਕ 32 ਬੋਰ ਪਿਸਟਲ ਸਮੇਤ 4 ਜਿੰਦਾ ਕਾਰਤੂਸ, 240 ਬੋਤਲਾਂ ਸ਼ਰਾਬ ਠੇਕਾ ਦੇਸੀ ਨਿੰਬੂ ਮਸਾਲੇਦਾਰ ਹਰਿਆਣਾ ਬਰਾਮਦ ਕੀਤੀਆਂ ਗਈਆਂ। ਪੁੱਛਗਿੱਛ ਤੇ ਨਿਸ਼ਾਨਦੇਹੀ ’ਤੇ ਗਰੋਹ ਦੇ ਮੈਂਬਰਾਂ ਕੋਲੋਂ ਹਰਿਆਣਾ ਤੋਂ ਸਮਗਲਿੰਗ ਕਰਨ ਲਈ ਵਰਤੀਆਂ ਜਾਂਦੀਆਂ 5 ਹੋਰ ਕਾਰਾਂ ਜਿਨ੍ਹਾਂ ’ਚ ਇੱਕ ਸਕੌਡਾ ਕਾਜਰ, ਇੱਕ ਕੈਮਰੀ ਕਾਰ, ਇੱਕ ਆਈ-20, ਇੱਕ ਆਪਟਰਾ ਕਾਰ ਅਤੇ ਇੱਕ ਸਵਿਫਟ ਕਾਰ, ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ-1 ਸੰਗਰੂਰ ’ਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਗਰੋਹ ਦੇ ਮੈਂਬਰਾਂ ਦੀ ਉਮਰ 19 ਤੋਂ 26 ਸਾਲ ਦੇ ਵਿਚਕਾਰ ਹੈ।