ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਅਕਤੂਬਰ
ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਵੱਲੋਂ ਤਿੰਨ ਤਖ਼ਤਾਂ ਤੋਂ ਕਿਸਾਨ ਮਾਰਚ ਕੱਢਣ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਅੱਜ ਪੰਜਾਬ ਦੀਆਂ ਕਈ ਦਰਜਨ ਕਿਸਾਨ ਜਥੇਬੰਦੀਆਂ ਆਰਡੀਨੈਂਸ ਤੋਂ ਕਾਨੂੰਨ ਬਣਨ ਤੱਕ ਸੰਘਰਸ਼ ਕਰ ਰਹੀਆਂ ਹਨ ਤੇ ਅਕਾਲੀ ਦਲ ਉਨ੍ਹਾਂ ਕਿਸਾਨਾਂ ਦਾ ਸਾਥ ਦੇਣ ਦੀ ਬਜਾਏ ਆਖਣੀ ਸਾਖ ਬਚਾਉਣ ਲਈ ਬਰਾਬਰ ਮਾਰਚ ਕੱਢ ਕੇ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਆਰਡਨੈੈਂਸਾਂ ’ਤੇ ਹਰਸਿਮਰਤ ਕੌਰ ਨੇ ਦਸਖ਼ਤ ਕੀਤੇ ਸਨ ਅਤੇ ਹੁਣ ਪਾਖੰਡ ਕਰ ਰਹੀ ਹੈ। ਸ਼੍ਰੀ ਢੀਂਡਸਾ ਨੇ ਅੱਜ ਮਾਨਸਾ ਜ਼ਲ੍ਹਿੇ ’ਚ ਜਾਣ ਤੋਂ ਪਹਿਲਾਂ ਪਿੰਡ ਗਾਗਾ ’ਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬਾਦਲਾਂ ਦੇ ਚੁੰਗਲ ਵਿੱਚ ਫਸੀ ਐੱਸਜੀਪੀਸੀ ਧਾਰਮਿਕ ਸੰਸਥਾ ਨਾ ਹੋ ਕੇ ਸਰਕਾਰ ਵਾਂਗ ਕਰਜ਼ਾਈ ਹੋ ਕੇ ਰਹਿ ਗਈ ਹੈ, ਅਤੇ ਐੱਸਜੀਪੀਸੀ ਆਪਣੀਆਂ ਜਾਇਦਾਦਾਂ, ਸੰਸਥਾਵਾਂ ਬੈਂਕਾਂ ਕੋਲ ਗਿਰਵੀ ਰੱਖ ਕੇ ਕਰਜ਼ਾ ਲੈ ਰਹੀ ਹੈ ਜਿਸ ਦਾ ਖਮਿਆਜ਼ਾ ਬਾਦਲ ਦਲ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਡੈਮੋਕਰੇਟਿਕ ਪਾਰਟੀ ਦਾ ਮੁੱਖ ਮਕਸਦ ਐੱਸਜੀਪੀਸੀ ਨੂੰ ਬਾਦਲਾਂ ਤੋਂ ਮੁਕਤ ਕਰਾ ਕੇ ਨਿਰੋਲ ਧਾਰਮਿਕ ਸੰਸਥਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਮਖੀ ਨੂੰ ਮੁਆਫੀ ਸਮੇਤ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਵਰਗੀਆਂ ਘਟਨਾਵਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਪੰਥਕ ਸਿਧਾਂਤਾਂ ’ਤੇ ਪਹਿਰਾ ਦੇ ਕੇ ਜੋ ਪੰਥਕ ਰਵਾਇਤਾਂ ਨੂੰ ਮੁੱਖ ਰੱਖਿਆ ਹੈ ਤੇ ਕਾਲੇ ਕਨੂੰਨਾਂ ਦਾ ਸਭ ਤੋਂ ਪਹਿਲਾਂ ਵਿਰੋਧ ਕਰਨ ਦਾ ਬੀੜਾ ਚੁੱਕਿਆ ਹੈ।