ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 15 ਮਈ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ ਵੱਲੋਂ ਸਬ-ਡਿਵੀਜ਼ਨ ਭਵਾਨੀਗੜ੍ਹ ਦੇ ਐੱਸਸੀ ਵਿੰਗ ਦੇ ਤਿੰਨ ਸਰਕਲਾਂ ਦੇ ਪ੍ਰਧਾਨਾਂ ਸਮੇਤ 193 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ ਐੱਸਸੀ ਵਿੰਗ ਭਵਾਨੀਗੜ੍ਹ ਸਰਕਲ ਦੇ ਪ੍ਰਧਾਨ ਕਰਨੈਲ ਸਿੰਘ ਸਹੋਤਾ ਸਮੇਤ 41 ਅਹੁਦੇਦਾਰ ਨਿਯੁਕਤ ਕੀਤੇ ਗਏ। ਸਰਕਲ ਘਰਾਚੋਂ ਦੇ ਤਰਸੇਮ ਸਿੰਘ ਪ੍ਰਧਾਨ ਸਮੇਤ 84 ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਅਤੇ ਸਰਕਲ ਨਦਾਮਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਮਾਝੀ ਸਮੇਤ 58 ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਮਿਲਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਕਰ ਰਹੀਆਂ ਹਨ। ਅਕਾਲੀ ਆਗੂ ਵੱਲੋਂ ਕੈਪਟਨ ਸਰਕਾਰ ਵੱਲੋਂ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਐਲਾਨ ਦੀ ਨਿਖੇਧੀ ਕੀਤੀ। ਇਸ ਮੌਕੇ ਨਵੇਂ ਨਿਯੁਕਤ ਕੀਤੇ ਸਰਕਲ ਪ੍ਰਧਾਨ ਅਤੇ ਪਾਰਟੀ ਆਗੂ ਹਾਜ਼ਰ ਸਨ।