ਪੱਤਰ ਪ੍ਰੇਰਕ
ਲਹਿਰਾਗਾਗਾ, 5 ਫਰਵਰੀ
‘ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਆਦੇਸ਼ ਲੈ ਕੇ ਹੀ ਚੱਲਦੇ ਹਨ ਜਦੋਂਕਿ ਪੰਜਾਬ ਲਈ ਮੋਰਚੇ ਲਾਉਣ ਵਾਲੀ ਤੇ ਐਮਰਜੈਂਸੀ ਦਾ ਵਿਰੋਧ ਕਰਨ ਵਾਲੀ ਖੇਤਰੀ ਪਾਰਟੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ।’ ਇਹ ਦਾਅਵਾ ਇੱਥੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਲਹਿਰਾਗਾਗਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਬਸਪਾ ਦੇ ਨਾਲ ਗੱਠਜੋੜ ਹੀ ਸੂਬੇ ਦੀ ਅਮਨ-ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝ ਗਏ ਹਨ ਕਿ ਸੂਬੇ ਵਿੱਚ ਅਕਾਲੀ-ਬਸਪਾ ਸਰਕਾਰ ਬਣਨ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਾਰੇ ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਜਸਪਾਲ ਸਿੰਘ ਦੇਹਲਾਂ ਸਾਬਕਾ ਚੇਅਰਮੈਨ, ਨੈਬ ਸਿੰਘ ਪੂਨੀਆ ਸਾਬਕਾ ਸਰਪੰਚ ਅਤੇ ਜਥੇਦਾਰ ਸਰਦਾਰਾ ਸਿੰਘ ਹਾਜ਼ਰ ਸਨ।
ਪਾਪੜਾ ’ਚ ਨੁੱਕੜ ਮੀਟਿੰਗ
ਮੂਨਕ: ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿੱਚ ਅੱਜ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਪਿੰਡ ਪਾਪੜਾ ਵਿੱਚ ਨੁੱਕੜ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਾਂਗਰਸ ਦੇ ਆਗੂ ਪਿਛਲੇ ਪੰਜ ਸਾਲ ਤੋਂ ਆਪਸ ਵਿੱਚ ਲੜੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਲਹਿਰਾ ਹਲਕੇ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਲਹਿਰਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜੇਤੂ ਬਣਾਉਣ ਲਈ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। -ਪੱਤਰ ਪ੍ਰੇਰਕ