ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਨਵੰਬਰ
ਇੱਕ ਪਾਸੇ ਸੈਂਕੜੇ ਦੀ ਗਿਣਤੀ ’ਚ ਬਲਾਕ ਦੇ ਕਿਸਾਨ ਤੇ ਔਰਤਾਂ ਖੇਤੀ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਟਰੈਕਟਰਾਂ-ਟਰਾਲੀਆਂ ਨਾਲ ਦਿੱਲੀ ਵੱਲ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਲਈ ਚਾਲੇ ਪਾ ਰਹੇ ਹਨ ਪਰ ਇਸਦੇ ਨਾਲ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਦੇ ਸਾਥੀ ਕਾਰਪੋਰੇਟਰਾਂ ਰਿਲਾਇੰਸ ਪੰਪ ਅੱਗੇ ਪਹਿਲੇ ਅਕਤੂਬਰ ਤੋਂ ਲਾਇਆ ਲਗਾਤਾਰ ਧਰਨਾ ਅੱਜ 57 ਵੇਂ ਦਿਨ ’ਚ ਦਾਖਲ ਹੋ ਗਿਆ ਹੈ ਪਰ ਬਹੁਤਿਆਂ ਦੇ ਦਿੱਲੀ ਨਾ ਜਾ ਸਕਣ ਕਰਕੇ ਧਰਨੇ ਦੀ ਜ਼ਿੰਮੇਵਾਰੀ ਜਥੇਬੰਦੀ ਦੇ ਆਗੂ ਸੁੂਬਾ ਸਿੰਘ ਸੰਗਤਪੁਰਾ ਨੇ ਸੰਭਾਲ ਲਈ ਹੈ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱੱਸਿਆ ਕਿ ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ’ਚ ਪਿੰਡ ਦੀਆਂ ਇਕਾਈਆਂ ਆਪਣੇ ਵੱਲੋਂ ਇੰਡੀਅਨ ਆਇਲ ਜਾਂ ਐਚਪੀ ਪੰਪਾਂ ਤੋਂ ਹੀ ਡੀਜ਼ਲ ਪਵਾਉਣਗੇ। ਉਨ੍ਹਾਂ ਕਿਹਾ ਕਿ ਮੋਦੀ ਭਾਜਪਾ ਹਕੂਮਤ ਵੱਲੋਂ ਲਿਆਂਦੇ ਗਏ ਤਿੰਨ ਐਕਟ ਜਿੱਥੇ ਖੇਤੀਬਾੜੀ ਦੇ ਧੰਦੇ ਨੂੰ ਬਰਬਾਦ ਕਰਨਗੇ, ਇਸਦੇ ਨਾਲ ਹੀ ਸਮੂਹ ਕਿਰਤੀ ਲੋਕਾਂ ਦਾ ਵੱਡਾ ਨੁਕਸਾਨ ਕਰਨਗੇ। ਇਨ੍ਹਾਂ ਬਿਲਾਂ ਦੇ ਕਾਨੂੰਨ ਬਣ ਜਾਣ ’ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਅਸਮਾਨੀਂ ਚੜ੍ਹ ਜਾਣਗੇ ਤੇ ਫਸਲਾਂ ਦੀ ਸਰਕਾਰੀ ਖ਼ਰੀਦ ਬੰਦ ਹੋ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਬਲਾਕ ਲਹਿਰਾਗਾਗਾ ਦੀ ਤਰਫੋਂ ਖਨੌਰੀ ਦੇ ਨਾਲ ਲੱਗਣ ਵਾਲੇ ਬਾਰਡਰ ਤੇ ਬਲਾਕ ਦੀ ਤਰਫੋਂ 30 ਲੰਗਰ ਵਾਲੀਆਂ ਟਰਾਲੀਆਂ ਭੇਜੀਆਂ ਜਾ ਚੁੱਕੀਆਂ ਹਨ ਤਾਂ ਜੋ ਦਿੱਲੀ ਨੂੰ ਜਾਣ ਵਾਲੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਔਖ ਨਾ ਆਵੇ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਲਾਈਆਂ ਰੋਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਲਹਿਰ ਅੱਗੇ ਕਦੇ ਵੀ ਵੱਡੀਆਂ ਤਾਕਤਾਂ ਨੂੰ ਹਾਰ ਝੱਲਣੀ ਪੈਂਦੀ ਹੈ ਤੇ ਲੋਕ ਹਮੇਸ਼ਾ ਹੀ ਜਿੱਤਦੇ ਹਨ, ਇਸ ਦਾ ਇਤਿਹਾਸ ਗਵਾਹ ਹੈ।