ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਕਤੂਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਚੱਲ ਰਹੇ ‘ਰੇਲ ਰੋਕੋ’ ਅੰਦੋਲਨ ਦੇ 22ਵੇਂ ਦਿਨ ਕਿਸਾਨਾਂ ਵੱਲੋਂ ਅੱਜ ਰੇਲ ਪਟੜੀ ਤੋਂ ਧਰਨਾ ਹਟਾ ਕੇ ਰੇਲਵੇ ਸਟੇਸ਼ਨ ’ਤੇ ਤਬਦੀਲ ਕਰ ਦਿੱਤਾ ਗਿਆ। ਕਿਸਾਨਾਂ ਅਨੁਸਾਰ ਸਿਰਫ਼ ਜ਼ਰੂਰੀ ਵਸਤਾਂ ਕੋਲਾ ਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਲਈ ਲਾਂਘਾ ਬਹਾਲ ਕੀਤਾ ਗਿਆ ਹੈ ਜਦੋਂ ਕਿ ਮੁਸਾਫ਼ਿਰ ਰੇਲ ਗੱਡੀਆਂ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਅਤੇ ਰੇਲਵੇ ਸਟੇਸ਼ਨਾਂ, ਟੌਲ ਪਲਾਜ਼ਿਆਂ, ਰਿਲਾਇੰਸ ਪੈਟਰੋਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ 5 ਨਵੰਬਰ ਤੱਕ ਰੋਸ ਧਰਨੇ ਜਾਰੀ ਰਹਿਣਗੇੇ।
ਰੇਲਵੇ ਸਟੇਸ਼ਨ ’ਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਵਿੱਚ ਕੋਲੇ, ਖਾਦਾਂ ਅਤੇ ਜ਼ਰੂਰੀ ਵਸਤਾਂ ਦੀ ਆ ਰਹੀ ਕਮੀ ਨੂੰ ਦੇਖਦਿਆਂ ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਦੇ ਹੱਕ’ ਚ ਫੈਸਲਾ ਲੈਂਦਿਆਂ ਮਾਲ ਗੱਡੀਆਂ ਨੂੰ ਰਸਤਾ ਦੇਣ ਦਾ ਫੈਸਲਾ ਲਿਆ ਹੈ ਪਰ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਦਿੱਲੀ ਵਿਖੇ ਅਗਲੇ ਦਿਨਾਂ ਚ ਹੋ ਰਹੀ ਮੀਟਿੰਗ ਵਿੱਚ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਆਗੂਆਂ ਨੇ ਕਿਸਾਨਾਂ ਨੂੰ ਪਿੰਡਾਂ ਅੰਦਰ ਤਿਆਰੀ ਕਰਨ ਦਾ ਸੱਦਾ ਦਿੱਤਾ।
ਪਟਿਆਲਾ/ਰਾਜਪੁਰਾ (ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਸ਼ੰਭੂ ਵਿੱਚ ਰੇਲਵੇ ਟਰੈਕ ’ਤੇ ਲੱਗਿਆ ਇਕਲੌਤਾ ਧਰਨਾ ਵੀ ਅੱਜ ਕਿਸਾਨਾਂ ਨੇ ਚੁੱਕ ਲਿਆ ਤੇ ਸ਼ੰਭੂ ਵਿਚਲੇ ਰੇਲਵੇ ਸਟੇਸ਼ਨ ’ਤੇ ਡੇਰੇ ਲਗਾ ਲਏ ਹਨ। ਅਸਲ ਵਿਚ ਖੇਤੀ ਕਾਨੂੰਨਾ ਖਿਲਾਫ਼ ਜਾਰੀ ਕਿਸਾਨ ਅੰਦਲੋਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਹਦਾਇਤ ’ਤੇ ਇਹ ਫੈਸਲਾ ਸੂਬੇ ਅੰਦਰ ਖੇਤੀ ਵਸਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਲਿਆ ਹੈ। ਕਿਸਾਨ ਆਗੂ ਸਤਿਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਕਿਸਾਨ ਆਗੂਆਂ ਦੇ ਫੈਸਲੇ ਮੁਤਾਬਿਕ ਕਿਸਾਨ ਸਿਰਫ਼ ਮਾਲ ਗੱਡੀਆਂ ਨੂੰ ਹੀ ਪੰਜਾਬ ’ਚ ਪ੍ਰਵੇਸ਼ ਕਰਨ ਦੇਣਗੇ ਤੇ ਯਾਦਰੀ ਰੇਲ ਗੱਡੀਆਂ ਖਿਲਾਫ਼ ਕਿਸਾਨਾ ਦਾ ਸੰਘਰਸ਼ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਇਸੇ ਤਰ੍ਹਾਂ ਅੱਜ ਸੂਬੇ ਅੰਦਰ ਮਾਲ ਗੱਡੀਆਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਦੂਜੇ ਬੰਨ੍ਹੇ ਵੱਡੇ ਘਰਾਣਿਆਂ ਦੀਆਂ ਕਾਰੋਬਾਰੀ ਇਕਾਈਆਂ ’ਤੇ ਕਿਸਾਨਾਂ ਦੇ ਧਰਨੇ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹਨ ਜਿਸ ਤਿਹਤ ਪਟਿਆਲਾ ਜਿਲ੍ਹੇ ਵਿਚਲੇ ਧਰੇੜੀ ਜੱਟਾਂ, ਕਲਿਆਣ, ਚਹਿਲ ਅਤੇ ਅਸਰਪੁਰ ਚੁਪਕੀ ਆਦਿ ਟੌਲ ਪਲਾਜ਼ਿਆਂ ’ਤੇ ਧਰਨੇ ਲਾਏ ਹੋਏ ਹਨ। ਇਨ੍ਹਾਂ ਟੌਲ ਪਲਾਜ਼ਿਆਂ ’ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਜਾ ਰਹੀ। ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਰਘਬੀਰ ਸਿੰਘ ਨਿਆਲ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਯੂਨੀਅਨ ਨੇ ਐੱਸਆਰ ਅਤੇ ਰਿਲਾਇੰਸ ਦੇ ਛੇ ਪੈਟਰੋਲ ਪੰਪਾਂ ’ਤੇ ਮਾਰ ਕੇ ਇਨ੍ਹਾਂ ਪੰਪਾਂ ਦਾ ਕੰਮ ਠੱਪ ਕੀਤਾ ਹੋਇਆ ਹੈ, ਉਥੇ ਹੀ ਨਾਭਾ ਸਥਿਤ ਪ੍ਰਮੁੱਖ ਭਾਜਪਾ ਆਗੂ ਦੇ ਘਰ ਦੇ ਅੱਗੇ ਵੀ ਪਿਛਨੇ ਕਈ ਦਿਨਾਂ ਤੋਂ ਪੱਕਾ ਮੋਰਚਾ ਜਾਰੀ ਹੈ।
ਇਸੇ ਦੌਰਾਨ ਉਘੇ ਪੰਜਾਬੀ ਗਾਇਕ ਦੀਪ ਸਿੱਧੂ ਦੀ ਅਗਵਾਈ ਵਿੱਚ ਕੌਮੀਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਨੇੜੇ ਧਰਨਾ ਜਾਰੀ ਰਿਹਾ।
ਪੈਟਰੋਲ ਪੰਪ ਡੀਲਰਾਂ ਵੱਲੋਂ ਪੰਪਾਂ ਤੋਂ ਧਰਨੇ ਹਟਾਉਣ ਦੀ ਅਪੀਲ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਐੱਸਆਰ ਪੈਟਰੋਲ ਪੰਪਾਂ ਦੇ ਕਰੀਬ ਚਾਰ ਜ਼ਿਲ੍ਹਿਆਂ ਨਾਲ ਸਬੰਧਤ ਡੀਲਰਾਂ ਵੱਲੋਂ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੂੰ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਐੱਸਆਰ ਪੈਟਰੋਲ ਪੰਪਾਂ ਤੋਂ ਰੋਸ ਧਰਨੇ ਹਟਾਏ ਜਾਣ ਕਿਉਂਕਿ ਐੱਸਆਰ ਕੰਪਨੀ ਸਿਰਫ਼ ਤੇਲ ਦਾ ਹੀ ਕੰਮ ਕਰਦੀ ਹੈ ਜਿਸ ਦਾ ਅੰਬਾਨੀ ਜਾਂ ਅਡਾਨੀਆਂ ਨਾਲ ਕੋਈ ਸਬੰਧ ਨਹੀਂ ਹੈ। ਡੀਲਰਾਂ ਨੇ ਸਪੱਸ਼ਟ ਕੀਤਾ ਕਿ ਧਰਨਿਆਂ ਕਾਰਨ ਇਹ ਪੰਪ ਬੰਦ ਹੋਣ ਕਾਰਨ ਐੱਸਆਰ ਕੰਪਨੀ ਜਾਂ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਡੀਲਰਾਂ ਦਾ ਹੀ ਸਾਰਾ ਨੁਕਸਾਨ ਹੋ ਰਿਹਾ ਹੈ। ਇੱਥੇ ਡੀਸੀ ਕੰਪਲੈਕਸ ਅੱਗੇ ਡੀਲਰਾਂ ਵਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਐੱਸਆਰ ਡੀਲਰ ਪਰਿਵਾਰ ਪੰਜਾਬ ਦੇ ਆਗੂ ਜਨਕ ਰਾਜ ਬਾਂਸਲ, ਸੰਜੀਵ ਮਿੱਤਲ ਅਤੇ ਜਸਪਾਲ ਸਿੰਘ ਹਾਜ਼ਰ ਸਨ।